ਕਪਾਹ ਉਤਪਾਦਨ 373 ਲੱਖ ਗੰਢਾਂ ਰਹਿਣ ਦਾ ਅੰਦਾਜ਼ਾ

11/17/2018 12:38:58 AM

ਜੈਤੋ— ਭਾਰਤੀ ਕਪਾਹ ਉਦਯੋਗ ਦੇ ਪ੍ਰਮੁੱਖ ਸੰਗਠਨ ਦਿ ਇੰਡੀਅਨ ਕਾਟਨ ਫੈੱਡਰੇਸ਼ਨ (ਆਈ. ਸੀ. ਐੱਫ.) ਨੇ ਦੇਸ਼ 'ਚ ਕਪਾਹ ਉਤਪਾਦਨ ਦੇ ਆਪਣੇ ਤਾਜ਼ਾ ਅੰਦਾਜ਼ੇ 'ਚ ਚਾਲੂ ਕਪਾਹ ਸੀਜ਼ਨ ਸਾਲ 2018-19 'ਚ ਉਤਪਾਦਨ 373 ਲੱਖ ਗੰਢ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਇਕ ਗੰਢ 'ਚ 170 ਕਿਲੋਗ੍ਰਾਮ ਕਪਾਹ ਹੁੰਦੀ ਹੈ।
ਸੂਤਰਾਂ ਅਨੁਸਾਰ ਫੈੱਡਰੇਸ਼ਨ ਨੇ ਉੱਤਰੀ ਖੇਤਰੀ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਭੀਲਵਾੜਾ ਖੇਤਰਾਂ ਸਣੇ ਕਪਾਹ ਉਤਪਾਦਨ ਇਸ ਵਾਰ 61 ਲੱਖ ਗੰਢ ਹੋਣ ਦੀ ਗੱਲ ਕੀਤੀ ਹੈ, ਜਦਕਿ ਸੈਂਟਰਲ ਜ਼ੋਨ ਜਿਸ 'ਚ ਗੁਜਰਾਤ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਸ਼ਾਮਲ ਹਨ, 'ਚ ਉਤਪਾਦਨ 200 ਲੱਖ ਗੰਢ ਅਤੇ ਸਾਊਥ ਜ਼ੋਨ 'ਚ ਇਹ ਉਤਪਾਦਨ 107 ਲੱਖ ਗੰਢ ਰਹਿਣ ਦਾ ਅੰਦਾਜ਼ਾ ਲਾਇਆ। ਦਰਾਮਦ 18 ਲੱਖ ਗੰਢ ਜਦਕਿ ਭਾਰਤੀ ਮਿੱਲਾਂ ਦੀ ਖਪਤ 320 ਲੱਖ ਗੰਢ ਰਹੇਗੀ। ਦੂਜੇ ਪਾਸੇ ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਨੇ ਪਿਛਲੇ ਮਹੀਨੇ ਦੇਸ਼ 'ਚ ਕਪਾਹ ਉਤਪਾਦਨ ਆਪਣੇ ਪਹਿਲੇ ਅਨੁਮਾਨ 348 ਲੱਖ ਗੰਢ ਤੋਂ ਘਟਾ ਕੇ 343.50 ਲੱਖ ਗੰਢ ਰਹਿਣ ਦਾ ਅੰਦਾਜ਼ਾ ਲਾਇਆ ਹੈ। ਸੂਤਰਾਂ ਦੀ ਮੰਨੀਏ ਤਾਂ ਉਪਰੋਕਤ ਦੋਵਾਂ ਕਪਾਹ ਉਦਯੋਗ ਸੰਗਠਨਾਂ ਦੇ ਕਪਾਹ ਉਤਪਾਦਨ ਅੰਕੜੇ ਕਪਾਹ ਜਿਨਰਾਂ (ਰੂੰ ਬਿਕਵਾਲ) ਅਤੇ ਸਪਿਨਿੰਗ ਮਿਲਰਾਂ (ਰੂੰ ਖਪਤਕਾਰ) ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਹੇ ਹਨ ਕਿਉਂਕਿ ਦੋਵਾਂ ਸੰਗਠਨਾਂ ਦੇ ਉਤਪਾਦਨ ਅੰਕਿੜਆਂ 'ਚ ਲਗਭਗ 30.25 ਲੱਖ ਗੰਢਾਂ ਦਾ ਬਹੁਤ ਵੱਡਾ ਫਰਕ ਹੈ।
ਪਿਛਲੇ ਕਪਾਹ ਸਾਲ 2017-18 'ਚ ਇਹ ਉਤਪਾਦਨ ਲਗਭਗ 365 ਗੰਢ ਰਿਹਾ ਸੀ। ਫੈੱਡਰੇਸ਼ਨ ਦੇ ਤਾਜ਼ਾ ਉਤਪਾਦਨ ਅੰਕੜਿਆਂ ਨੂੰ ਲੈ ਕੇ ਭਾਰਤੀ ਰੂੰ ਬਾਜ਼ਾਰ 'ਚ ਰੂੰ ਚਰਚਾ ਸ਼ੁਰੂ ਹੋ ਗਈ ਹੈ। ਬਾਜ਼ਾਰ ਜਾਣਕਾਰਾਂ ਦਾ ਮੰਨਣਾ ਹੈ ਜੇਕਰ ਉਤਪਾਦਨ 373 ਲੱਖ ਗੰਢ ਰਿਹਾ ਤਾਂ ਅਗਲੇ ਮਹੀਨਿਆਂ ਦੌਰਾਨ ਰੂੰ ਬਾਜ਼ਾਰ ਦੀ ਬੇੜੀ ਗੰਗਾ 'ਚ ਡੁੱਬ ਸਕਦੀ ਹੈ ਪਰ ਇਹ ਸਮਾਂ ਦੱਸੇਗਾ ਕਿ ਕੁੱਲ ਉਤਪਾਦਨ ਕੀ ਰਹਿੰਦਾ ਹੈ।


Related News