ਸਤੰਬਰ ਤੋਂ ਪਹਿਲਾਂ ਬੈਂਕਾਂ ਨੂੰ ਪਾਈ-ਪਾਈ ਚੁੱਕਾ ਦੇਵਾਂਗਾ : ਚੰਦਰਾ

04/22/2019 6:20:06 PM

ਨਵੀਂ ਦਿੱਲੀ— ਏਸੇਲ ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦਰਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ 30 ਸਤੰਬਰ ਤੱਕ ਲੈਂਡਰਸ ਦਾ ਬਕਾਇਆ ਚੁੱਕਾ ਦੇਣਗੇ। ਉਨ੍ਹਾਂ ਦੱਸਿਆ ਕਿ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਇਜ਼ਿਜ਼ (ਜ਼ੀ) 'ਚ ਜਾਪਾਨ ਤੋਂ ਲੈ ਕੇ ਭਾਰਤ, ਯੂਰਪ ਤੇ ਅਮਰੀਕਾ ਦੇ 5 ਨਿਵੇਸ਼ਕਾਂ ਨੇ ਦਿਲਚਸਪੀ ਵਿਖਾਈ ਹੈ। ਜਨਵਰੀ 'ਚ ਕੰਪਨੀ ਦੇ ਸ਼ੇਅਰ ਪ੍ਰਾਈਸ 'ਚ ਆਈ ਗਿਰਾਵਟ 'ਤੇ ਆਪਣੀ ਗਲਤੀ ਮੰਨਣ ਤੋਂ ਬਾਅਦ ਦਿੱਤੇ ਪਹਿਲੇ ਇੰਟਰਵਿਊ 'ਚ ਚੰਦਰਾ ਨੇ ਕਿਹਾ ਕਿ ਜੇਕਰ ਤੁਹਾਨੂੰ ਇਨ੍ਹਾਂ ਨਿਵੇਸ਼ਕਾਂ ਦੇ ਨਾਂ ਦੱਸੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਉਨ੍ਹਾਂ ਨੇ ਸ਼ੇਅਰਹੋਲਡਰਜ਼ ਨੂੰ ਹਾਲ ਹੀ 'ਚ ਲਿਖੇ ਲੈਟਰ 'ਚ ਆਪਣੀ ਗਲਤੀ ਕਬੂਲ ਕੀਤੀ ਸੀ। ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਗਰੁੱਪ 'ਤੇ 17,174 ਕਰੋੜ ਰੁਪਏ ਦਾ ਜੋ ਕਰਜ਼ਾ ਹੈ, ਉਸ ਦੀ ਪਾਈ-ਪਾਈ ਉਹ ਚੁਕਾਉਣਗੇ।
ਉਨ੍ਹਾਂ ਕਿਹਾ ਕਿ ਅਸੀਂ ਦਸੰਬਰ 2018 'ਚ ਜਦੋਂ ਸਟੇਕ ਵੇਚਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਉਦੋਂ ਗੋਲਡਮੈਨ ਸਾਕਸ ਅਤੇ ਲਾਇਨਟਰੀ ਨੇ ਸਾਡੇ ਸਾਹਮਣੇ 12-14 ਨਿਵੇਸ਼ਕਾਂ ਦੇ ਨਾਂ ਰੱਖੇ ਸਨ। ਇਨ੍ਹਾਂ 'ਚੋਂ ਅਸੀਂ 2 ਕੰਪਨੀਆਂ ਨੂੰ ਚੁਣਿਆ ਸੀ ਪਰ ਹੁਣ ਇਨ੍ਹਾਂ ਤੋਂ ਇਲਾਵਾ ਕਈ ਹੋਰ ਕੰਪਨੀਆਂ ਇਸ ਰੇਸ 'ਚ ਸ਼ਾਮਲ ਹੋ ਗਈਆਂ ਹਨ। ਅਪ੍ਰੈਲ ਦੇ ਆਖਰ ਜਾਂ ਮਈ ਦੇ ਪਹਿਲੇ ਹਫਤੇ ਤੱਕ ਸਾਨੂੰ ਨਾਨ-ਬਾਈਂਡਿੰਗ ਟਰਮ ਸ਼ੀਟ ਮਿਲ ਜਾਣੀ ਚਾਹੀਦੀ ਹੈ। ਲੈਂਡਰਸ ਨੇ ਸਾਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਮੈਨੂੰ ਭਰੋਸਾ ਹੈ ਕਿ ਉਦੋਂ ਤੱਕ ਡੀਲ ਹੋ ਜਾਵੇਗੀ।
ਕੁਝ ਪ੍ਰਾਜੈਕਟਸ ਨੂੰ ਵੇਚਣ ਦੀ ਯੋਜਨਾ
ਇਨਫਰਾ ਸੈਗਮੈਂਟ 'ਚ ਅਸੀਂ ਆਪਣੇ ਸਾਰੇ ਪ੍ਰਾਜੈਕਟਸ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਠੀਕ ਵੈਲਿਊ ਮਿਲਣ 'ਤੇ ਇਨ੍ਹਾਂ 'ਚੋਂ ਕੁੱਝ ਨੂੰ ਵੇਚਾਂਗੇ । ਇਸ ਤੋਂ ਬਾਅਦ ਏਸੈਲ ਇਨਫਰਾ ਪਲੇਟਫਾਰਮ ਬਣੀ ਰਹੇਗੀ। ਉਹ 30,000 ਕਰੋੜ ਤੱਕ ਦੀ ਇਕ ਬੋਲੀ ਲਾ ਸਕਦੀ ਹੈ। ਇਸ 'ਚ ਹਿੱਸੇਦਾਰੀ ਵੇਚਣ ਦੇ ਬਾਰੇ ਅਸੀਂ ਬਾਅਦ 'ਚ ਫੈਸਲਾ ਕਰਾਂਗੇ। ਏਸੇਲ ਫਾਈਨਾਂਸ ਅਤੇ ਮਿਊਚੁਅਲ ਫੰਡ ਬਿਜ਼ਨੈੱਸ ਨੂੰ ਵੀ ਵੇਚਿਆ ਜਾਵੇਗਾ। ਮੈਂ ਕੁੱਝ ਪ੍ਰਾਈਵੇਟ ਪ੍ਰਾਪਰਟੀ ਵੀ ਵੇਚਣ ਦੀ ਸੋਚ ਰਿਹਾ ਹਾਂ। ਕਰਜ਼ਾ ਚੁਕਾਉਣ ਲਈ ਪ੍ਰਾਈਵੇਟ ਪ੍ਰਾਪਰਟੀ ਵੇਚਣ 'ਚ ਮੈਨੂੰ ਕੋਈ ਸ਼ਰਮਿੰਦਗੀ ਨਹੀਂ ਹੋਵੇਗੀ।
ਸਾਡਾ ਬਿਜ਼ਨੈੱਸ ਆਮ ਢੰਗ ਨਾਲ ਚੱਲ ਰਿਹੈ
ਉਨ੍ਹਾਂ ਕਿਹਾ ਕਿ ਦੇਸ਼ 'ਚ ਕਈ ਕੰਪਨੀਆਂ ਅੱਜ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ ਪਰ ਮੈਨੂੰ ਲੱਗਦਾ ਹੈ ਕਿ ਏਸੇਲ ਗਰੁੱਪ ਦੂਜੀਆਂ ਕੰਪਨੀਆਂ ਤੋਂ ਵੱਖ ਹੈ। ਸੱਚ ਕਹਾਂ ਤਾਂ ਸਾਡਾ ਬਿਜ਼ਨੈੱਸ ਆਮ ਢੰਗ ਨਾਲ ਚੱਲ ਰਿਹਾ ਹੈ। ਕੰਪਨੀਆਂ ਚੰਗਾ ਪਰਫਾਰਮ ਕਰ ਰਹੀਆਂ ਹਨ। ਜ਼ੀ ਦੀ ਗ੍ਰੋਥ ਦੋਹਰੇ ਅੰਕਾਂ 'ਚ ਬਣੀ ਹੋਈ ਹੈ ਅਤੇ ਕੋਈ ਸਟਰੈੱਸ ਨਹੀਂ ਹੈ। ਇਹ ਗੱਲ ਸੱਚ ਹੈ ਕਿ ਇਨਫਰਾ ਬਿਜ਼ਨੈੱਸ 'ਚ ਕੁੱਝ ਪ੍ਰਾਜੈਕਟਸ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਮਜ਼ਬੂਤ ਬਿਜ਼ਨੈੱਸ ਖੜ੍ਹੇ ਕੀਤੇ ਹਨ ਅਤੇ ਕਿਸੇ ਰਾਜਨੀਤਕ ਪਾਰਟੀ ਦੀ ਦਇਆ ਵੀ ਨਹੀਂ ਲਈ। ਮੇਰੇ ਬੇਟੇ ਪੁਨੀਤ ਤੇ ਅਮਿਤ ਮੇਰੇ ਤੋਂ ਕਿਤੇ ਵਧੀਆ ਕੰਮ ਕਰ ਰਹੇ ਹਨ। ਸੰਸਥਾਪਕ ਅਤੇ ਪਿਤਾ ਦੇ ਰੂਪ 'ਚ ਮੈਂ ਇਸ ਤੋਂ ਬਹੁਤ ਖੁਸ਼ ਹਾਂ। ਤੁਸੀਂ ਸਾਡੇ ਇੰਪਲਾਈਜ਼ ਨਾਲ ਗੱਲ ਕਰੋ, ਤੁਹਾਨੂੰ ਪਤਾ ਚੱਲ ਜਾਵੇਗਾ ਕਿ ਕੰਪਨੀ ਦਾ ਕਾਰੋਬਾਰ ਕਿੰਨੇ ਸਹਿਜ ਢੰਗ ਨਾਲ ਚੱਲ ਰਿਹਾ ਹੈ।
ਅਸੀਂ ਸੰਕਟ ਤੋਂ ਬਾਹਰ ਨਿਕਲਾਂਗੇ
ਏਸੇਲ ਗਰੁੱਪ 90 ਸਾਲ ਪੁਰਾਣਾ ਹੈ। ਇਸ ਦੌਰਾਨ ਮੈਂ ਇਹ ਤੀਜਾ ਡਾਊਨਟਰਨ ਵੇਖ ਰਿਹਾ ਹਾਂ। ਪਹਿਲੀ ਵਾਰ 1967 ਅਤੇ ਉਸ ਤੋਂ ਬਾਅਦ 2008 'ਚ ਅਸੀਂ ਮੁਸ਼ਕਲ ਹਾਲਾਤ ਦਾ ਸਾਹਮਣਾ ਕੀਤਾ ਸੀ। ਮੈਨੂੰ ਭਰੋਸਾ ਹੈ ਕਿ ਇਸ ਵਾਰ ਵੀ ਅਸੀਂ ਸੰਕਟ ਤੋਂ ਬਾਹਰ ਨਿਕਲਾਂਗੇ। ਪਹਿਲੇ 50 ਸਾਲਾਂ 'ਚ ਅਸੀਂ ਬੈਂਕਾਂ ਨੂੰ 39,000 ਕਰੋੜ ਰੁਪਏ ਦਾ ਵਿਆਜ ਚੁਕਾਇਆ। ਉਸ ਦੀ ਤੁਲਣਾ 'ਚ ਮੌਜੂਦਾ ਕਰਜ਼ਾ ਕਾਫੀ ਘੱਟ ਹੈ। ਅਸੀਂ ਕਰਜ਼ਾ ਚੁਕਾਉਣ ਦੀ ਯੋਜਨਾ ਬਣਾਈ ਹੈ। ਜੇਕਰ ਤੁਸੀਂ ਸਾਡੇ ਇਨਫਰਾ ਬਿਜ਼ਨੈੱਸ 'ਚ ਏਸੈਟਸ ਦੀ ਵਿਕਰੀ 'ਤੇ ਗੌਰ ਕਰੋ ਤਾਂ ਇਸ ਦੇ ਜੁਲਾਈ ਅਤੇ ਸਤੰਬਰ 'ਚ ਪੂਰਾ ਹੋਣ ਦੀ ਉਮੀਦ ਹੈ। ਇਸ ਦੇ ਨਾਲ ਅਸੀ ਆਪ੍ਰੇਟਿੰਗ ਕੰਪਨੀਆਂ ਦਾ 15-16 ਹਜ਼ਾਰ ਕਰੋੜ ਅਤੇ 3,000 ਕਰੋੜ ਦਾ ਕਾਰਪੋਰੇਟ ਡੇਟ ਚੁੱਕਾ ਦੇਵਾਂਗੇ। ਇਸ ਲਈ 20 ਹਜ਼ਾਰ ਕਰੋੜ ਦਾ ਕਰਜ਼ਾ ਆਸਾਨੀ ਨਾਲ ਖਤਮ ਹੋ ਜਾਵੇਗਾ। ਬਾਕੀ ਦਾ ਪੈਸਾ ਜ਼ੀ 'ਚ ਹਿੱਸੇਦਾਰੀ ਵੇਚ ਕੇ ਚੁਕਾਇਆ ਜਾਵੇਗਾ।


satpal klair

Content Editor

Related News