ESIC ਨੇ ਪਿਛਲੇ 2 ਮਹੀਨਿਆਂ ’ਚ 1,221 ਡਾਕਟਰ ਕੀਤੇ ਨਿਯੁਕਤ
Thursday, Aug 01, 2024 - 11:21 AM (IST)
ਨਵੀਂ ਦਿੱਲੀ (ਭਾਸ਼ਾ) - ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਨੇ ਪਿਛਲੇ 2 ਮਹੀਨਿਆਂ ’ਚ 1,221 ਡਾਕਟਰ ਨਿਯੁਕਤ ਕੀਤੇ ਹਨ। ਬੁੱਧਵਾਰ ਨੂੰ ਅਧਿਕਾਰਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਨਰਸਿੰਗ ਕੈਡਰ ’ਚ 1,930 ਅਹੁਦਿਆਂ ਨੂੰ ਭਰਨ ਲਈ ਯੂ. ਪੀ. ਐੱਸ. ਸੀ. (ਸੰਘ ਲੋਕ ਸੇਵਾ ਕਮਿਸ਼ਨ) ਨੇ ਪ੍ਰੀਖਿਆ ਆਯੋਜਿਤ ਕੀਤੀ ਹੈ।
ਨਿਯੁਕਤੀ ਪ੍ਰਕਿਰਿਆ ਜਲਦ ਪੂਰੀ ਹੋਣ ਦੀ ਉਮੀਦ ਹੈ। ਮੰਤਰਾਲਾ ਦੇ ਬਿਆਨ ਅਨੁਸਾਰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਈ. ਐੱਸ. ਆਈ. ਸੀ. ਨੇ ਪਿਛਲੇ 2 ਮਹੀਨਿਆਂ ’ਚ ਵੱਖ-ਵੱਖ ਸ਼੍ਰੇਣੀਆਂ ’ਚ 1,221 ਡਾਕਟਰਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ’ਚ 860 ‘ਜਨਰਲ ਡਿਊਟੀ ਮੈਡੀਕਲ ਆਫਿਸਰ’ (ਜੀ. ਡੀ. ਐੱਮ. ਓ.), 330 ਸਹਾਇਕ ਪ੍ਰੋਫੈਸਰ ਅਤੇ 31 ਮਾਹਿਰਾਂ ਦੀ ਨਿਯੁਕਤੀ ਕੀਤੀ ਗਈ ਹੈ। ਈ. ਐੱਸ. ਆਈ. ਸੀ. ਨੇ 20 ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ) ਅਤੇ 57 ਜੂਨੀਅਰ ਇੰਜੀਨੀਅਰ (ਸਿਵਲ) ਦੀ ਨਿਯੁਕਤੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਯੂ. ਪੀ. ਐੱਸ. ਸੀ. ਦੀ ਸਿਫਾਰਿਸ਼ ’ਤੇ ਨਿਯੁਕਤੀ ਪੱਤਰ ਇਸੇ ਮਹੀਨੇ ਜਾਰੀ ਕਰ ਦਿੱਤੇ ਗਏ ਹਨ।
ਈ. ਐੱਸ. ਆਈ. ਸੀ. ਯੋਜਨਾ ਕਰਮਚਾਰੀ ਰਾਜ ਬੀਮਾ ਐਕਟ 1948 ਤਹਿਤ ਸਮਾਜਿਕ ਬੀਮਾ ਲਈ ਏਕੀਕ੍ਰਿਤ ਕਦਮ ਹੈ। ਇਹ ਈ. ਐੱਸ. ਆਈ. ਹਸਪਤਾਲਾਂ ਅਤੇ ਦਵਾਈਆਂ ਆਪਣੇ ਵਿਸ਼ਾਲ ਨੈੱਟਵਰਕ ਰਾਹੀਂ ਬੀਮਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਕਦ ਲਾਭ ਅਤੇ ਮੈਡੀਕਲ ਸਹੂਲਤਾਂ ਸਮੇਤ ਸਮਾਜਿਕ ਸੁਰੱਖਿਆ ਪ੍ਰਦਾਨ ਕਰਦਾ ਹੈ।