ਰੀਅਲ ਅਸਟੇਟ ਖੇਤਰ ’ਚ ਇਕੁਇਟੀ ਨਿਵੇਸ਼ ਜੁਲਾਈ-ਸਤੰਬਰ ਤਿਮਾਹੀ ’ਚ 48 ਫ਼ੀਸਦੀ ਵਧ ਕੇ 3.8 ਅਰਬ ਡਾਲਰ ’ਤੇ ਪੁੱਜਾ
Friday, Oct 10, 2025 - 08:14 PM (IST)

ਨਵੀਂ ਦਿੱਲੀ (ਭਾਸ਼ਾ)-ਭਾਰਤੀ ਰੀਅਲ ਅਸਟੇਟ ਖੇਤਰ ’ਚ ਇਕੁਇਟੀ ਨਿਵੇਸ਼ ਇਸ ਸਾਲ ਜੁਲਾਈ-ਸਤੰਬਰ ਤਿਮਾਹੀ ਦੌਰਾਨ 48 ਫ਼ੀਸਦੀ ਵਧ ਕੇ 3.8 ਅਰਬ ਡਾਲਰ ਰਿਹਾ। ਇਹ ਵਾਧਾ ਬਿਲਡਰਾਂ ਅਤੇ ਨਿਵੇਸ਼ਕਾਂ ਦੇ ਮੁੱਖ ਤੌਰ ’ਤੇ ਜ਼ਮੀਨ ਦੀ ਐਕਵਾਇਰਮੈਂਟ ਅਤੇ ਪ੍ਰਾਜੈਕਟਾਂ ਦੀ ਉਸਾਰੀ ਲਈ ਕੀਤੇ ਗਏ ਨਿਵੇਸ਼ ਕਾਰਨ ਹੈ।
ਰੀਅਲ ਅਸਟੇਟ ਸਲਾਹਕਾਰ ਕੰਪਨੀ ਸੀ. ਬੀ. ਆਰ. ਈ. ਨੇ ਅੱਜ ਜਾਰੀ ਆਪਣੀ ਤਾਜ਼ਾ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਸੀ. ਬੀ. ਆਰ. ਈ. ਨੇ ‘ਮਾਰਕੀਟ ਮਾਨੀਟਰ ਕਿਊ3-2025 ਇਨਵੈਸਟਮੈਂਟ’ ਨਾਂ ਨਾਲ ਜਾਰੀ ਰਿਪੋਰਟ ’ਚ ਦੱਸਿਆ ਕਿ ਇਸ ਸਾਲ ਦੀ ਤੀਜੀ ਤਿਮਾਹੀ ’ਚ ਕੁੱਲ ਇਕੁਇਟੀ ਨਿਵੇਸ਼ ਵਧ ਕੇ 3.8 ਅਰਬ ਡਾਲਰ ਹੋ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 2.6 ਅਰਬ ਡਾਲਰ ਸੀ।
ਰਿਪੋਰਟ ’ਚ ਕਿਹਾ ਗਿਆ ਕਿ ਇਸ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ਦੌਰਾਨ ਪੂੰਜੀ ਪਰਵਾਹ ਮੁੱਖ ਤੌਰ ’ਤੇ ਭੂਮੀ/ਵਿਕਾਸ ਸਥਾਨਾਂ ਅਤੇ ਨਿਰਮਿਤ ਦਫ਼ਤਰ ਅਤੇ ਪ੍ਰਚੂਨ ਜਾਇਦਾਦਾਂ ’ਚ ਪੂੰਜੀ ਨਿਵੇਸ਼ ਕਾਰਨ ਹੋਇਆ। ਇਸ ’ਚ ਕਿਹਾ ਗਿਆ ਹੈ ਕਿ ਇਸ ਸਾਲ ਦੇ ਪਹਿਲੇ 9 ਮਹੀਨਿਆਂ ’ਚ ਇਕੁਇਟੀ ਨਿਵੇਸ਼ 14 ਫ਼ੀਸਦੀ ਵਧ ਕੇ 10.2 ਅਰਬ ਡਾਲਰ ਹੋ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 8.9 ਅਰਬ ਡਾਲਰ ਸੀ।