ਸਤੰਬਰ ’ਚ ਵਧੀ ਪੈਟਰੋਲ-ਡੀਜ਼ਲ ਦੀ ਮੰਗ
Friday, Oct 03, 2025 - 05:28 AM (IST)

ਨਵੀਂ ਦਿੱਲੀ - ਭਾਰਤ ’ਚ ਸਤੰਬਰ ਮਹੀਨੇ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਡੀਜ਼ਲ ਦੀ ਮੰਗ 6.27 ਫੀਸਦੀ ਵਧੀ ਹੈ। ਹਾਲ ਹੀ ’ਚ ਜੀ.ਐੱਸ.ਟੀ. ’ਚ ਕੀਤੀ ਗਈ ਕਟੌਤੀ ਕਾਰਨ ਮਾਲ ਢੁਆਈ ਵਧਣ ਅਤੇ ਤਿਉਹਾਰਾਂ ਕਾਰਨ ਨਿੱਜੀ ਗਤੀਸ਼ੀਲਤਾ ਵਿਚ ਵਾਧੇ ਕਾਰਨ ਅਜਿਹਾ ਹੋਇਆ ਹੈ। ਅਗਸਤ ਵਿਚ ਮੰਗ ਸਿਰਫ 0.91 ਫੀਸਦੀ ਵਧੀ ਸੀ, ਜਦਕਿ ਜੁਲਾਈ ਅਤੇ ਜੂਨ ਵਿਚ ਖਪਤ ਕ੍ਰਮਵਾਰ 2.15 ਅਤੇ 1.23 ਫੀਸਦੀ ਵਧੀ ਸੀ।
ਪੈਟਰੋਲੀਅਮ ਪਲਾਨਿੰਗ ਐਂਡ ਐਨਾਲਿਸਿਸ ਸੈੱਲ (ਪੀ.ਪੀ.ਏ.ਸੀ.) ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਸਭ ਤੋਂ ਵੱਧ ਖਪਤ ਹੋਣ ਵਾਲੇ ਈਂਧਨ ਡੀਜ਼ਲ ਦੀ ਮੰਗ ਸਤੰਬਰ ਵਿਚ 6,768 ਹਜ਼ਾਰ ਟਨ ਰਹੀ, ਜੋ ਪਿਛਲੇ ਸਾਲ ਸਤੰਬਰ ਵਿਚ 6,369 ਹਜ਼ਾਰ ਮੀਟ੍ਰਿਕ ਟਨ ਸੀ।
ਪੈਟਰੋਲ ਦੀ ਖਪਤ ਵਿਚ ਵੀ 7.5 ਫੀਸਦੀ ਦਾ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਸਤੰਬਰ ਵਿਚ 3,385 ਹਜ਼ਾਰ ਮੀਟ੍ਰਿਕ ਟਨ ਪੈਟਰੋਲ ਦੀ ਖਪਤ ਹੋਈ। ਉਥੇ ਹੀ, ਰਸੋਈ ਗੈਸ ਦੀ ਮੰਗ 6.47 ਫੀਸਦੀ ਵਧ ਕੇ 2,901 ਹਜ਼ਾਰ ਮੀਟ੍ਰਿਕ ਟਨ ਹੋ ਗਈ। ਹਾਲਾਂਕਿ, ਜਹਾਜ਼ ਈਂਧਨ ਦੀ ਖਪਤ ’ਚ 1.32 ਫੀਸਦੀ ਦੀ ਕਮੀ ਆਈ ਹੈ।