ਫੈਕਟਰੀ ਲਾਇਸੈਂਸ ਲਈ ਅਦਾਲਤ ਪਹੁੰਚੇ ਉਦਯੋਗਪਤੀ
Monday, Oct 29, 2018 - 03:26 PM (IST)
ਨਵੀਂ ਦਿੱਲੀ — ਦਿੱਲੀ ਦੇ ਵਪਾਰੀ ਨਗਰ ਨਿਗਮ ਵਲੋਂ ਸਾਰੀਆਂ ਮੰਜ਼ਿਲਾਂ ਦੀ ਬਜਾਏ ਸਿਰਫ ਜ਼ਮੀਨੀ ਮੰਜ਼ਿਲ ਲਈ ਹੀ ਫੈਕਟਰੀ ਲਾਇਸੈਂਸ ਦੇਣ ਦੇ ਮੁੱਦੇ 'ਤੇ ਅਦਾਲਤ ਪਹੁੰਚ ਗਏ ਹਨ। ਵਪਾਰੀਆਂ ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਨਗਰ ਨਿਗਮ ਨੂੰ ਸਾਰੀਆਂ ਮੰਜ਼ਿਲਾਂ 'ਤੇ ਫੈਕਟਰੀ ਲਾਇਸੈਂਸ ਜਾਰੀ ਕਰਨ ਦੇ ਆਦੇਸ਼ ਦੇਣ ਦੀ ਅਪੀਲ ਕੀਤੀ ਹੈ। ਵਪਾਰੀਆਂ ਦੀ ਪਟੀਸ਼ਨ 'ਤੇ ਅਦਾਲਤ 'ਚ ਜਲਦੀ ਹੀ ਸੁਣਵਾਈ ਹੋ ਸਕਦੀ ਹੈ। ਅਪੈਕਸ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦਿੱਲੀ ਦੇ ਉਪ-ਪ੍ਰਧਾਨ ਰਘੂਵੰਸ਼ ਅਰੋੜਾ ਨੇ ਦੱਸਿਆ ਕਿ ਸਾਲ 2011 'ਚ ਦਿੱਲੀ ਵਿਕਾਸ ਅਥਾਰਟੀ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਸਪੱਸ਼ਟ ਲਿਖਿਆ ਹੈ ਕਿ ਸਾਰੀਆਂ ਮੰਜ਼ਿਲਾਂ 'ਤੇ ਉਦਯੋਗਿਕ ਗਤੀਵਿਧੀ ਦੀ ਆਗਿਆ ਹੋਵੇਗੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ , ਮੁੱਖ ਸਕੱਤਰ ਅਤੇ ਕਾਰਪੋਰੇਸ਼ਨ ਦੇ ਜੁਆਇੰਟ ਕਮਿਸ਼ਨਰ ਨਾਲ ਹੋਈ ਬੈਠਕ ਵਿਚ ਸਾਰੀਆਂ ਮੰਜ਼ਿਲਾਂ 'ਤੇ ਫੈਕਟਰੀ ਲਾਇਸੈਂਸ ਦੇਣ 'ਤੇ ਸਹਿਮਤੀ ਬਣੀ ਸੀ। ਪਰ ਹੁਣ ਨਗਰ ਨਿਗਮ ਸਿਰਫ ਜ਼ਮੀਨੀ ਮੰਜ਼ਿਲ ਲਈ ਹੀ ਲਾਇਸੈਂਸ ਜਾਰੀ ਕਰ ਰਹੀ ਹੈ।
