ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਜੁਲਾਈ ’ਚ 93 ਫ਼ੀਸਦੀ ਵਧੀ : ਫਾਡਾ
Saturday, Aug 09, 2025 - 04:22 AM (IST)

ਨਵੀਂ ਦਿੱਲੀ (ਭਾਸ਼ਾ) - ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਜੁਲਾਈ ’ਚ ਸਾਲਾਨਾ ਆਧਾਰ ’ਤੇ 93 ਫ਼ੀਸਦੀ ਵਧੀ। ਇਸ ’ਚ ਟਾਟਾ ਮੋਟਰਜ਼ ਦਾ ਯੋਗਦਾਨ ਸਭ ਤੋਂ ਜ਼ਿਆਦਾ ਰਿਹਾ। ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਨੇ ਦੱਸਿਆ ਕਿ ਪਿਛਲੇ ਮਹੀਨੇ ਕੁਲ ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਰਜਿਸਟ੍ਰੇਸ਼ਨ ਵਧ ਕੇ 15,528 ਇਕਾਈ ਹੋ ਗਈ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 8,037 ਇਕਾਈ ਸੀ।
ਟਾਟਾ ਮੋਟਰਜ਼ 6,047 ਇਕਾਈਆਂ ਦੀ ਵਿਕਰੀ ਨਾਲ ਇਸ ਖੇਤਰ ’ਚ ਸਭ ਤੋਂ ਅੱਗੇ ਰਹੀ। ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ ਜੁਲਾਈ ’ਚ ਸਾਲਾਨਾ ਆਧਾਰ ’ਤੇ 4 ਫ਼ੀਸਦੀ ਘਟ ਕੇ 1,02,973 ਇਕਾਈ ਰਹਿ ਗਈ। ਟੀ. ਵੀ. ਐੱਸ. ਮੋਟਰ ਕੰਪਨੀ 22,256 ਇਕਾਈਆਂ ਦੀ ਰਜਿਸਟ੍ਰੇਸ਼ਨ ਨਾਲ ਇਸ ਸ਼੍ਰੇਣੀ ’ਚ ਸਭ ਤੋਂ ਅੱਗੇ ਰਹੀ।
ਇਲੈਕਟ੍ਰਿਕ ਤਿਪਹੀਆ ਸ਼੍ਰੇਣੀ ’ਚ ਸਾਲਾਨਾ ਆਧਾਰ ’ਤੇ 9 ਫ਼ੀਸਦੀ ਦਾ ਵਾਧਾ ਵੇਖਿਆ ਗਿਆ ਅਤੇ ਇਹ 69,146 ਇਕਾਈ ਹੋ ਗਈ। ਮਹਿੰਦਰਾ ਸਮੂਹ 9,766 ਇਕਾਈਆਂ ਦੀ ਰਜਿਸਟ੍ਰੇਸ਼ਨ ਨਾਲ ਇਸ ਖੇਤਰ ’ਚ ਮੋਹਰੀ ਰਿਹਾ, ਜੋ ਜੁਲਾਈ 2024 ਦੇ ਮੁਕਾਬਲੇ ਸਾਲਾਨਾ ਆਧਾਰ ’ਤੇ 40 ਫ਼ੀਸਦੀ ਜ਼ਿਆਦਾ ਹੈ। ਇਲੈਕਟ੍ਰਿਕ ਕਮਰਸ਼ੀਅਲ ਵਾਹਨਾਂ ਦੀ ਪ੍ਰਚੂਨ ਵਿਕਰੀ ਜੁਲਾਈ ’ਚ ਸਾਲਾਨਾ ਆਧਾਰ ’ਤੇ 52 ਫ਼ੀਸਦੀ ਵਧ ਕੇ 1,244 ਇਕਾਈ ਰਹੀ, ਜਿਸ ’ਚ ਟਾਟਾ ਮੋਟਰਜ਼ 333 ਇਕਾਈਆਂ ਦੀ ਰਜਿਸਟ੍ਰੇਸ਼ਨ ਨਾਲ ਮੋਹਰੀ ਰਹੀ।