ਭਾਰਤੀ ਅਰਥਵਿਵਸਥਾ ਨੇ ਫੜੀ ਰਫਤਾਰ, GDP ਵਾਧਾ ਦਰ 7.8 ਫ਼ੀਸਦੀ; RBI ਦੇ ਅੰਦਾਜ਼ੇ ਨਾਲੋਂ 1.3 ਫ਼ੀਸਦੀ ਵੱਧ

Saturday, Aug 30, 2025 - 11:02 AM (IST)

ਭਾਰਤੀ ਅਰਥਵਿਵਸਥਾ ਨੇ ਫੜੀ ਰਫਤਾਰ, GDP ਵਾਧਾ ਦਰ 7.8 ਫ਼ੀਸਦੀ; RBI ਦੇ ਅੰਦਾਜ਼ੇ ਨਾਲੋਂ 1.3 ਫ਼ੀਸਦੀ ਵੱਧ

ਨਵੀਂ ਦਿੱਲੀ- ਭਾਰਤ ਦੀ ਅਰਥਵਿਵਸਥਾ ਨੇ ਮਾਲੀ ਸਾਲ 2025-26 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ (ਐੱਮ. ਓ. ਐੱਸ. ਪੀ. ਆਈ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਦੌਰਾਨ ਦੇਸ਼ ਦੀ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) 7.8 ਫ਼ੀਸਦੀ ਦੀ ਦਰ ਨਾਲ ਵਧੀ। ਇਹ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ ਦਰਜ 6.5 ਫ਼ੀਸਦੀ ਦੇ ਵਾਧੇ ਨਾਲੋਂ ਕਾਫ਼ੀ ਬਿਹਤਰ ਹੈ। ਇਹ ਆਰ. ਬੀ. ਆਈ. ਦੇ ਅੰਦਾਜ਼ੇ ਤੋਂ 1.3 ਫ਼ੀਸਦੀ ਜ਼ਿਆਦਾ ਹੈ। ਖਾਸ ਗੱਲ ਇਹ ਹੈ ਕਿ ਇਹ ਅੰਕੜਾ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ 6.5 ਫ਼ੀਸਦੀ ਦੇ ਅੰਦਾਜ਼ੇ ਨਾਲੋਂ ਵੀ ਵੱਧ ਹੈ। ਆਰ. ਬੀ. ਆਈ. ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਹੋਈ ਆਪਣੀ ਮਾਨੇਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ’ਚ ਪਹਿਲੀ ਤਿਮਾਹੀ ਅਤੇ ਪੂਰੇ ਮਾਲੀ ਸਾਲ ਲਈ 6.5 ਫ਼ੀਸਦੀ ਦੇ ਵਾਧੇ ਦਾ ਅੰਦਾਜ਼ਾ ਬਰਕਰਾਰ ਰੱਖਿਆ ਸੀ।

ਕਿਸ ਕਾਰਨ ਬਿਹਤਰ ਰਹੀ ਵਾਧਾ ਦਰ

ਇਹ ਵਾਧਾ ਦਰ ਅਮਰੀਕਾ ਵੱਲੋਂ ਭਾਰਤ ’ਤੇ ਉੱਚੇ ਟੈਰਿਫ ਲਾਏ ਜਾਣ ਤੋਂ ਪਹਿਲਾਂ ਦੀ ਹੈ। ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਵਾਧੇ ’ਚ ਖੇਤੀਬਾੜੀ ਖੇਤਰ ਦਾ ਅਹਿਮ ਯੋਗਦਾਨ ਰਿਹਾ। ਖੇਤੀਬਾੜੀ ਖੇਤਰ ਨੇ ਇਸ ਤਿਮਾਹੀ ’ਚ 3.7 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 1.5 ਫ਼ੀਸਦੀ ਸੀ। ਸਰਕਾਰ ਦਾ ਮੰਨਣਾ ਹੈ ਕਿ ਚਾਲੂ ਮਾਲੀ ਸਾਲ ’ਚ ਭਾਰਤ ਦੀ ਅਰਥਵਿਵਸਥਾ ਮਜ਼ਬੂਤੀ ਨਾਲ ਅੱਗੇ ਵਧੇਗੀ, ਹਾਲਾਂਕਿ ਗਲੋਬਲ ਆਰਥਕ ਬੇਭਰੋਸਗੀਆਂ ਅਤੇ ਮਾਨਸੂਨ ਦੀ ਸਥਿਤੀ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਭਾਰਤ ਬਣਿਆ ਸਭ ਤੋਂ ਤੇਜ਼ੀ ਨਾਲ ਵੱਧਦੀ ਵੱਡੀ ਅਰਥਵਿਵਸਥਾ

ਭਾਰਤ ਨੇ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਦਾ ਤਮਗਾ ਬਰਕਰਾਰ ਰੱਖਿਆ ਹੈ। ਇਸ ਪ੍ਰਦਰਸ਼ਨ ਨਾਲ ਤੁਲਨਾ ਕਰੀਏ ਤਾਂ ਚੀਨ ਦੀ ਜੀ. ਡੀ. ਪੀ. ਵਾਧਾ ਦਰ ਇਸ ਮਿਆਦ ’ਚ 5.2 ਫ਼ੀਸਦੀ ਰਹੀ। ਮੈਨੂਫੈਕਚਰਿੰਗ ਸੈਕਟਰ ਨੇ ਮਾਮੂਲੀ ਸੁਧਾਰ ਵਿਖਾਇਆ ਅਤੇ 7.7 ਫ਼ੀਸਦੀ ਦੀ ਵਾਧਾ ਦਰਜ ਕੀਤਾ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ 7.6 ਫ਼ੀਸਦੀ ਸੀ। ਪਿਛਲੀ ਸਭ ਤੋਂ ਉੱਚੀ ਜੀ . ਡੀ. ਪੀ. ਵਾਧਾ ਦਰ ਜਨਵਰੀ-ਮਾਰਚ 2024 ’ਚ ਵੇਖੀ ਗਈ ਸੀ, ਜਦੋਂ ਅਰਥਵਿਵਸਥਾ 8.4 ਫ਼ੀਸਦੀ ਦੀ ਦਰ ਨਾਲ ਵਧੀ ਸੀ।

ਵਿੱਤੀ ਘਾਟਾ ਜੁਲਾਈ ਦੇ ਅੰਤ ਤੱਕ ਪੂਰੇ ਸਾਲ ਦੇ ਟੀਚੇ ਦਾ 29.9 ਫ਼ੀਸਦੀ ’ਤੇ ਰਿਹਾ

ਕੇਂਦਰ ਦਾ ਵਿੱਤੀ ਘਾਟਾ ਜੁਲਾਈ ਦੇ ਅੰਤ ਤੱਕ ਪੂਰੇ ਸਾਲ ਦੇ ਟੀਚੇ ਦਾ 29.9 ਫ਼ੀਸਦੀ ਹੋ ਗਿਆ। ਕੰਟਰੋਲਰ ਜਨਰਲ ਆਫ਼ ਅਕਾਊਂਟਸ (ਸੀ. ਜੀ. ਏ.) ਨੇ ਜਾਰੀ ਅੰਕੜਿਆਂ ’ਚ ਇਹ ਕਿਹਾ। ਪਿਛਲੇ ਮਾਲੀ ਸਾਲ 2024-25 ਦੇ ਪਹਿਲੇ ਚਾਰ ਮਹੀਨਿਆਂ ’ਚ ਇਹ ਬਜਟ ਅੰਦਾਜ਼ੇ (ਬੀ. ਈ.) ਦਾ 17.2 ਫ਼ੀਸਦੀ ਸੀ। ਇਸ ਤੋਂ ਪਹਿਲਾਂ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਅੰਤ ਤੱਕ ਘਾਟਾ ਪੂਰੇ ਸਾਲ ਦੇ ਟੀਚੇ ਦਾ 17.9 ਫ਼ੀਸਦੀ ਸੀ। ਅਸਲ ਵਿੱਤੀ ਘਾਟਾ ਜਾਂ ਸਰਕਾਰ ਦੇ ਖ਼ਰਚੇ ਅਤੇ ਮਾਲੀਏ ਵਿਚਲਾ ਫਰਕ ਮਾਲੀ ਸਾਲ 2025-26 ਦੀ ਅਪ੍ਰੈਲ-ਜੁਲਾਈ ਮਿਆਦ ’ਚ 4,68,416 ਕਰੋੜ ਰੁਪਏ ਸੀ। ਕੇਂਦਰ ਦਾ ਅੰਦਾਜ਼ਾ ਹੈ ਕਿ 2025-26 ਦੌਰਾਨ ਵਿੱਤੀ ਘਾਟਾ ਕੁੱਲ ਘਰੇਲੂ ਉਤਪਾਦ ਦਾ 4.4 ਫ਼ੀਸਦੀ ਭਾਵ 15.69 ਲੱਖ ਕਰੋੜ ਰੁਪਏ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News