ਕੇਂਦਰ ਤੇ ਸੂਬਾ ਸਰਕਾਰਾਂ 'ਚ ਪੈਟਰੋਲ-ਡੀਜ਼ਲ ਦੀ ਜਗ੍ਹਾ ਲੈਣਗੇ ਈ-ਵਾਹਨ
Thursday, Sep 03, 2020 - 06:33 PM (IST)
ਨਵੀਂ ਦਿੱਲੀ— ਬਿਜਲੀ ਮੰਤਰਾਲਾ ਦੇ ਅਧੀਨ ਆਉਣ ਵਾਲੀ ਐਨਰਜ਼ੀ ਐਫੀਸ਼ੀਐਂਸੀ ਸਰਵਿਸਿਜ਼ ਲਿਮਟਿਡ (ਈ. ਈ. ਐੱਸ. ਐੱਲ.) ਟਾਟਾ ਮੋਟਰਜ਼ ਅਤੇ ਹੁੰਡਈ ਮੋਟਰ ਇੰਡੀਆ ਕੋਲੋਂ 250 ਇਲੈਕਟ੍ਰਿਕ ਵਾਹਨਾਂ ਦੀ ਖਰੀਦ ਕਰੇਗੀ। ਕੰਪਨੀ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਹ ਇਲੈਕਟ੍ਰਿਕ ਵਾਹਨ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਮੌਜੂਦਾ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੀ ਜਗ੍ਹਾ ਲੈਣਗੇ।
ਈ. ਈ. ਐੱਸ. ਐੱਲ. ਮੁਤਾਬਕ, ਟਾਟਾ ਮੋਟਰਜ਼ 150 ਨੈਕਸਨ ਐਕਸਜੇਡ ਇਲੈਕਟ੍ਰਿਕ ਕੰਪੈਕਟ ਐੱਸ. ਯੂ. ਵੀ. ਦੀ ਸਪਲਾਈ ਕਰੇਗੀ, ਜਦੋਂ ਕਿ ਹੁੰਡਈ ਮੋਟਰ ਤੋਂ 100 ਕੋਨਾ ਇਲੈਕਟ੍ਰਿਕ ਪ੍ਰੀਮੀਅਮ ਐੱਸ. ਯੂ. ਵੀਜ਼. ਦੀ ਖਰੀਦ ਕੀਤੀ ਜਾਏਗੀ। ਇਨ੍ਹਾਂ ਦੋਹਾਂ ਕੰਪਨੀਆਂ ਦੀ ਚੋਣ ਬੋਲੀ ਪ੍ਰਕਿਰਿਆ ਜ਼ਰੀਏ ਕੀਤੀ ਗਈ ਹੈ। ਬਿਜਲੀ ਮੰਤਰਾਲਾ ਦੇ ਚਾਰ ਅਦਾਰਿਆਂ ਐੱਨ. ਟੀ. ਪੀ. ਸੀ., ਪੀ. ਐੱਫ. ਸੀ., ਆਰ. ਈ. ਸੀ. ਅਤੇ ਪਾਵਰ ਗ੍ਰਿਡ ਦੀ ਸੰਯੁਕਤ ਉੱਦਮ ਈ. ਈ. ਐੱਸ. ਐੱਲ. ਨੇ ਕਿਹਾ, ''ਟਾਟਾ ਮੋਟਰਜ਼ ਅਤੇ ਹੁੰਡਈ ਮੋਟਰ ਇੰਡੀਆ ਕੋਲੋਂ 250 ਇਲੈਕਟ੍ਰਿਕ ਵਾਹਨਾਂ ਦੀ ਖਰੀਦ ਕੀਤੀ ਜਾਵੇਗੀ। ਖਰੀਦ ਸੰਬੰਧੀ ਹੁਕਮ ਦੋਹਾਂ ਕੰਪਨੀਆਂ ਨੂੰ ਵੀਰਵਾਰ ਨੂੰ ਦਿੱਤੇ ਗਏ।''
ਈ. ਈ. ਐੱਸ. ਐੱਲ. ਦੇ ਕਾਰਜਕਾਰੀ ਉਪ ਪ੍ਰਧਾਨ ਸੌਰਭ ਕੁਮਾਰ ਨੇ ਕਿਹਾ, ''ਅਸੀਂ ਆਪਣੇ ਈ-ਵਾਹਨ ਪ੍ਰੋਗਰਾਮ ਤਹਿਤ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰ ਰਹੇ ਹਾਂ। ਇਨ੍ਹਾਂ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਨਾਲ ਇਕ ਪਾਸੇ ਤੇਲ ਦੀ ਦਰਾਮਦ 'ਤੇ ਨਿਰਭਰਤਾ ਘੱਟ ਜਾਵੇਗੀ ਅਤੇ ਦੂਜੇ ਪਾਸੇ ਦੇਸ਼ 'ਚ ਬਿਜਲੀ ਸਮਰੱਥਾ ਦੇ ਵਿਸਥਾਰ 'ਚ ਵੀ ਵਾਧਾ ਹੋਵੇਗਾ। ਇਸ ਨਾਲ ਦੇਸ਼ ਦੀ ਊਰਜਾ ਸੁਰੱਖਿਆ ਸਥਿਤੀ 'ਚ ਕਾਫ਼ੀ ਹੱਦ ਤਕ ਸੁਧਾਰ ਹੋਏਗਾ ਅਤੇ ਇਹ ਟ੍ਰਾਂਸਪੋਰਟ ਸੈਕਟਰ 'ਚ ਗਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ 'ਚ ਵੀ ਸਹਾਇਤਾ ਕਰੇਗਾ।''