10-15 ਦਿਨਾਂ 'ਚ ਸਸਤੇ ਹੋ ਜਾਣਗੇ ਖਾਣ ਵਾਲੇ ਤੇਲ, ਲੋਕਾਂ ਨੂੰ ਮਿਲੇਗੀ ਰਾਹਤ

06/14/2021 8:51:37 PM

ਨਵੀਂ ਦਿੱਲੀ- ਪੈਟਰੋਲ, ਡੀਜ਼ਲ ਤੋਂ ਲੈ ਕੇ ਖਾਣ ਵਾਲੇ ਤੇਲਾਂ ਤੱਕ ਦੀ ਮਹਿੰਗਾਈ ਨਾਲ ਲੋਕ ਪ੍ਰੇਸ਼ਾਨ ਹਨ। ਸਰ੍ਹੋਂ ਤੇਲ ਤੋਂ ਲੈ ਕੇ ਹਰ ਖਾਣ ਵਾਲੇ ਤੇਲ ਨੇ ਰਸੋਈ ਦਾ ਬਜਟ ਹਿਲਾ ਦਿੱਤਾ ਹੈ ਪਰ ਹੁਣ ਅਗਲੇ 10-15 ਦਿਨਾਂ ਵਿਚ ਆਮ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਫਾਰਚੂਨ ਬ੍ਰਾਂਡ ਤਹਿਤ ਖਾਣ ਵਾਲਾ ਤੇਲ ਵੇਚਣ ਵਾਲੀ ਅਡਾਨੀ ਵਿਲਮਰ ਦੇ ਅਤੁਲ ਚਤੁਰਵੇਦੀ ਦਾ ਕਹਿਣਾ ਹੈ ਕਿ ਦਸ-ਪੰਦਰਾਂ ਦਿਨਾਂ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

ਉਨ੍ਹਾਂ ਕਿਹਾ ਕਿ ਨਵੀਂ ਸਪਲਾਈ ਪਿੱਛੋਂ ਪ੍ਰਚੂਨ ਪੱਧਰ 'ਤੇ ਕੀਮਤਾਂ ਵਿਚ ਲਗਭਗ 10-12 ਦਿਨਾਂ ਮਗਰੋਂ ਫਰਕ ਦਿਸਣਾ ਸ਼ੁਰੂ ਹੁੰਦਾ ਹੈ। ਚੁਤਰਵੇਦੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ 10-15 ਦਿਨ ਵਿਚ ਤੁਸੀਂ ਦੇਖੋਗੇ ਕਿ ਪ੍ਰਚੂਨ ਕੀਮਤਾਂ ਹੇਠਾਂ ਆ ਰਹੀਆਂ ਹਨ ਅਤੇ ਖਪਤਕਾਰ ਰਾਹਤ ਦਾ ਸਾਹ ਲੈ ਰਹੇ ਹਨ।

ਉੱਥੇ ਹੀ, ਸਰਕਾਰ ਇੰਪੋਰਟ ਡਿਊਟੀ ਵਿਚ ਕਟੌਤੀ ਦਾ ਵਿਚਾਰ ਕਰ ਰਹੀ ਹੈ, ਜਿਸ 'ਤੇ ਅਗਲੇ ਹਫ਼ਤੇ ਕੋਈ ਫ਼ੈਸਲਾ ਹੋ ਸਕਦਾ ਹੈ। ਸਰ੍ਹੋਂ ਦੇ ਤੇਲ ਵਿਚ ਦੂਜੇ ਖਾਣ ਵਾਲੇ ਤੇਲ ਦੀ ਮਿਲੀ ਛੂਟ ਸਮਾਪਤ ਕਰਨ ਨਾਲ ਹੁਣ ਬਾਜ਼ਾਰ ਵਿਚ ਸੌ ਫ਼ੀਸਦ ਸ਼ੁੱਧ ਸਰ੍ਹੋਂ ਤੇਲ ਮਿਲੇਗਾ। ਹਾਲਾਂਕਿ, ਇਸ ਨਾਲ ਸਰ੍ਹੋਂ ਤੇਲ ਮਹਿੰਗਾ ਹੋ ਗਿਆ ਹੈ ਕਿਉਂਕਿ ਸਰ੍ਹੋਂ ਦੀ ਇੰਨੀ ਸਪਲਾਈ ਨਹੀਂ ਹੈ ਜਿੰਨੀ ਜ਼ਿਆਦਾ ਮੰਗ ਹੈ। ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਸ਼ੁੱਧ ਸਰ੍ਹੋਂ ਤੇਲ ਦੀ ਨੀਤੀ ਨਾਲ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ, ਉਨ੍ਹਾਂ ਨੂੰ ਫ਼ਸਲ ਦੀ ਚੰਗੀ ਕੀਮਤ ਮਿਲ ਸਕੇਗੀ। ਮੌਜੂਦਾ ਸਮੇਂ ਭਾਰਤ ਖਾਣ ਵਾਲੇ ਤੇਲਾਂ ਦੀ ਜ਼ਰੂਰਤ ਦਾ ਵੱਡਾ ਹਿੱਸਾ ਬਾਹਰੋਂ ਦਰਾਮਦ ਕਰ ਰਿਹਾ ਹੈ।
 


Sanjeev

Content Editor

Related News