ਲੋਕਾਂ ਦੀ ਜੇਬ ’ਤੇ ਬੋਝ, 11 ਸਾਲ ’ਚ ਸਭ ਤੋਂ ਵੱਧ ਮਹਿੰਗੇ ਹੋਏ ਖਾਣ ਵਾਲੇ ਤੇਲ

Thursday, May 27, 2021 - 09:34 AM (IST)

ਲੋਕਾਂ ਦੀ ਜੇਬ ’ਤੇ ਬੋਝ, 11 ਸਾਲ ’ਚ ਸਭ ਤੋਂ ਵੱਧ ਮਹਿੰਗੇ ਹੋਏ ਖਾਣ ਵਾਲੇ ਤੇਲ

ਨਵੀਂ ਦਿੱਲੀ– ਇਸ ਮਹੀਨੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਰਿਕਾਰਡ ਵਾਧਾ ਹੋਇਆ ਹੈ। ਮੂੰਗਫਲੀ ਤੇਲ, ਸਰ੍ਹੋਂ ਤੇਲ, ਸੋਇਆਬੀਨ ਤੇਲ, ਵਨਸਪਤੀ, ਸੂਰਜਮੁਖੀ ਦੇ ਤੇਲ ਅਤੇ ਪਾਮ ਤੇਲ ਦੀਆਂ ਕੀਮਤਾਂ ਹੁਣ ਬੀਤੇ ਇਕ ਦਹਾਕੇ ਦੇ ਉੱਚ ਪੱਧਰ ’ਤੇ ਪਹੁੰਚ ਚੁੱਕੀਆਂ ਹਨ। ਸਰਕਾਰ ਦੇ ਅਧਿਕਾਰਕ ਅੰਕੜਿਆਂ ’ਚ ਹੀ ਇਸ ਬਾਰੇ ਜਾਣਕਾਰੀ ਮਿਲਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਗਭਗ ਸਾਰੇ ਸੂਬਿਆਂ ’ਚ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਅਰਥਵਿਵਸਥਾ ਦੀ ਖਰਾਬ ਹਾਲਤ ਦਰਮਿਆਨ ਆਮ ਆਦਮੀ ਦੀ ਜੇਬ ’ਤੇ ਬੋਝ ਵਧ ਗਿਆ ਹੈ। ਇਸੇ ਹਫਤੇ ਸੋਮਵਾਰ ਨੂੰ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਵਿਭਾਗ ਨੇ ਇਕ ਬੈਠਕ ’ਚ ਸਾਰੇ ਹਿੱਤਧਾਰਕਾਂ, ਸੂਬਿਆਂ ਅਤੇ ਕਾਰੋਬਾਰੀਆਂ ਨੂੰ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਘੱਟ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ ਹੈ।

ਵਿਭਾਗ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਇਸ ਬੈਠਕ ਦੀ ਇਸ ਲਈ ਲੋੜ ਪਈ ਕਿਉਂਕਿ ਕੇਂਦਰ ਸਰਕਾਰ ਦੇਸ਼ ’ਚ ਖਾਣ ਵਾਲੇ ਤੇਲਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਤ ਹੈ। ਪਿਛਲੇ ਕੁਝ ਮਹੀਨੇ ’ਚ ਕੌਮਾਂਤਰੀ ਬਾਜ਼ਾਰਾਂ ’ਚ ਵੀ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਆਮ ਤੌਰ ’ਤੇ ਘਰੇਲੂ ਬਾਜ਼ਾਰ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਜਿੰਨੀਆਂ ਹੀ ਹੁੰਦੀਆਂ ਹਨ। ਦਰਅਸਲ ਭਾਰਤ ’ਚ ਖਾਣ ਵਾਲੇ ਤੇਲਾਂ ਦੀ 60 ਫੀਸਦੀ ਲੋੜ ਨੂੰ ਦਰਾਮਦ ਰਾਹੀਂ ਪੂਰਾ ਕੀਤਾ ਜਾਂਦਾ ਹੈ।


ਕੌਮਾਂਤਰੀ ਬਾਜ਼ਾਰ ’ਚ ਵੀ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਤੇਜ਼ੀ
25 ਮਈ ਨੂੰ ਬੁਰਸਾ ਮਲੇਸ਼ੀਆ ਡੇਰੀਵੇਟਿਵ ਐਕਸਚੇਂਜ ’ਤੇ ਕੱਚੇ ਪਾਮ ਤੇਲ ਦਾ ਰੇਟ 3,890 ਰਿੰਗਿਤ (ਮਲੇਸ਼ੀਆਈ ਕਰੰਸੀ) ਪ੍ਰਤੀ ਟਨ ’ਤੇ ਨਜ਼ਰ ਆਇਆ ਹੈ। ਭਾਰਤੀ ਰੁਪਏ ’ਚ ਇਹ ਕਰੀਬ 68,323 ਰੁਪਏ ਹੋਇਆ। ਪਿਛਲੇ ਸਾਲ ਇਹ ਰੇਟ 2,281 ਰਿੰਗਿਤ ’ਤੇ ਸੀ। ਸ਼ਿਕਾਗੋ ਬੋਰਡ ਆਫ ਟ੍ਰੇਡ (ਸੀ. ਬੀ. ਓ. ਟੀ.) ’ਤੇ ਸੋਇਆਬੀਨ ਤੇਲ ਦਾ ਭਾਅ ਬਹੁਤ ਵੱਡੀ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ। ਸੀ. ਬੀ. ਓ. ਟੀ. ’ਤੇ 24 ਮਈ ਨੂੰ ਜੁਲਾਈ ਵਾਅਦਾ ਭਾਅ 559.51 ਡਾਲਰ ਪ੍ਰਤੀ ਟਨ ਰਿਹਾ। ਪਿਛਲੇ ਸਾਲ ਇਸ ਦੌਰਾਨ ਇਹ ਭਾਅ 306.16 ਡਾਲਰ ਪ੍ਰਤੀ ਟਨ ’ਤੇ ਸੀ।


ਸਰ੍ਹੋਂ ਦੇ ਤੇਲ ਦੇ ਔਸਤ ਰੇਟ ’ਚ ਰਿਕਾਰਡ ਵਾਧਾ
ਖੁਰਾਕ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਦੇਸ਼ ਭਰ ’ਚ 6 ਖਾਣ ਵਾਲੇ ਤੇਲਾਂ ਦੀਆਂ ਔਸਤ ਕੀਮਤਾਂ ਜਨਵਰੀ 2010 ਤੋਂ ਬਾਅਦ ਤੋਂ ਉੱਚ ਪੱਧਰ ’ਤੇ ਪਹੁੰਚ ਗਈਆਂ ਹਨ। ਇਨ੍ਹਾਂ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਆਮ ਲੋਕਾਂ ਦੇ ਘਰਾਂ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲਾ ਸਰ੍ਹੋਂ ਦਾ ਤੇਲ ਇਸ ਸਾਲ ਮਈ ’ਚ 164.44 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਚੁੱਕਾ ਹੈ। ਪਿਛਲੇ ਸਾਲ ਮਈ ਮਹੀਨੇ ’ਚ ਇਹ ਔਸਤ ਭਾਅ 39 ਫੀਸਦੀ ਘੱਟ ਯਾਨੀ 118.25 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਸਾਲ ਅਪ੍ਰੈਲ ਮਹੀਨੇ ’ਚ ਇਹ 155.39 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸੀ। ਮਈ 2010 ਦੀ ਗੱਲ ਕਰੀਏ ਤਾਂ ਉਸ ਦੌਰਾਨ ਇਹ 63.05 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸੀ।


ਪਾਮ ਤੇਲ ਦਾ ਭਾਅ 49 ਫੀਸਦੀ ਮਹਿੰਗਾ
ਪਾਮ ਤੇਲ ਦੀਆਂ ਕੀਮਤਾਂ ਦਾ ਹਾਲ ਵੀ ਕੁਝ ਅਜਿਹਾ ਹੀ ਹੈ। ਇਸ ਮਹੀਨੇ ਪਾਮ ਤੇਲ ਦਾ ਔਸਤ ਪ੍ਰਚੂਨ ਰੇਟ 131.69 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਹੈ। ਬੀਤੇ 11 ਸਾਲ ’ਚ ਇਹ ਹੁਣ ਤੱਕ ਦੇ ਉੱਚ ਪੱਧਰ ’ਤੇ ਹੈ। ਪਿਛਲੇ ਸਾਲ ਦੀ ਤੁਲਨਾ ’ਚ ਹੀ ਇਹ ਕਰੀਬ 49 ਫੀਸਦੀ ਮਹਿੰਗਾ ਹੈ। ਮਈ 2020 ’ਚ ਪਾਮ ਤੇਲ ਦਾ ਔਸਤ ਪ੍ਰਚੂਨ ਰੇਟ 88.27 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 11 ਸਾਲ ਪਹਿਲਾਂ ਅਪ੍ਰੈਲ 2010 ’ਚ ਪਾਮ ਤੇਲ ਦਾ ਘੱਟੋ-ਘੱਟ ਔਸਤ ਮੁੱਲ 49.13 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸੀ।
 

ਹੋਰ ਖਾਣ ਵਾਲੇ ਤੇਲਾਂ ਦੇ ਰੇਟ ’ਚ ਵੀ ਰਿਕਾਰਡ ਵਾਧਾ
ਇਸ ਮਹੀਨੇ 4 ਹੋਰ ਖਾਣ ਵਾਲੇ ਤੇਲਾਂ ਦੇ ਰੇਟ ’ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਮਈ 2021 ’ਚ ਹੁਣ ਤੱਕ ਮੂੰਗਫਲੀ ਦੇ ਤੇਲ ਦਾ ਔਸਤ ਭਾਅ 175.55 ਰੁਪਏ ਪ੍ਰਤੀ ਕਿਲੋਗ੍ਰਾਮ, ਵਨਪਤੀ 128.7 ਰੁਪਏ ਪ੍ਰਤੀ ਕਿਲੋਗ੍ਰਾਮ, ਸੋਇਆਬੀਨ ਤੇਲ 148.27 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੂਰਜਮੁਖੀ ਦਾ ਤੇਲ 169.54 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਹੈ। ਇਹ ਮਈ ਦੀਆਂ ਔਸਤ ਕੀਮਤਾਂ ਹਨ। ਪਿਛਲੇ ਸਾਲ ਦੀ ਤੁਲਨਾ ’ਚ ਇਨ੍ਹਾਂ ਤੇਲਾਂ ਦੇ ਔਸਤ ਰੇਟਾਂ ’ਚ 19 ਤੋਂ 52 ਫੀਸਦੀ ਤੱਕ ਦਾ ਵਾਧਾ ਹੋਇਆ ਹੈ।


author

Sanjeev

Content Editor

Related News