IPO ਦੀ ਤਿਆਰੀ 'ਚ Byju's, ਕਰ ਲਓ ਤਿਆਰੀ, ਹੋਵੇਗੀ ਮੋਟੀ ਕਮਾਈ
Tuesday, Apr 06, 2021 - 04:52 PM (IST)

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਐਡਟੈਕ ਕੰਪਨੀ Byju's ਆਈ. ਪੀ. ਓ. ਲਿਆਉਣ ਦੀ ਤਿਆਰੀ ਵਿਚ ਹੈ। ਕੰਪਨੀ ਦੇ ਸੰਸਥਾਪਕ ਰਵਿੰਦਰਨ ਬਾਇਜੂ ਨੇ ਕਿਹਾ ਕਿ Byju's ਦਾ ਆਈ. ਪੀ. ਓ ਅਪ੍ਰੈਲ 2023 ਤੋਂ ਪਹਿਲਾਂ ਮਾਰਕੀਟ ਵਿਚ ਆ ਜਾਵੇਗਾ। ਇਸਦਾ ਮਤਲਬ ਹੈ ਕਿ ਕੰਪਨੀ ਅਗਲੇ ਦੋ ਸਾਲਾਂ ਦੇ ਅੰਦਰ ਆਈ. ਪੀ. ਓ. ਲਾਂਚ ਕਰਨ ਦੀ ਤਿਆਰੀ ਵਿਚ ਹੈ। ਇਸ ਐਡਟੈਕ ਸਟਾਰਟਅਪ ਕੰਪਨੀ ਨੇ ਸੋਮਵਾਰ ਨੂੰ 33 ਸਾਲਾ ਪੁਰਾਣੇ ਅਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਨੂੰ ਇਕ ਅਰਬ ਡਾਲਰ ਵਿਚ ਖ਼ਰੀਦਣ ਦਾ ਐਲਾਨ ਕੀਤਾ ਹੈ।
ਰਵਿੰਦਰਨ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਕੰਪਨੀ ਵਿਸਥਾਰ ਲਈ ਜਨਤਕ ਪੇਸ਼ਕਸ਼ ‘ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ, ''ਅਸੀਂ ਅਗਲੇ 18 ਤੋਂ 24 ਮਹੀਨਿਆਂ ਵਿਚ ਜਨਤਕ ਪੇਸ਼ਕਸ਼ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ ਪਰ ਇਸ ਵਿਚ ਕੁਝ ਹੋਰ ਸਮਾਂ ਲੱਗ ਸਕਦਾ ਹੈ ਕਿਉਂਕਿ ਸਾਨੂੰ ਕੋਈ ਕਾਹਲੀ ਨਹੀਂ ਹੈ ਅਤੇ ਅਸੀਂ ਸਹੀ ਮੌਕੇ ਦੀ ਉਡੀਕ ਕਰਾਂਗੇ।''
ਦੇਸ਼ ਦੀ ਸਭ ਤੋਂ ਵੱਡੇ ਐਡਟੈਕ ਸਟਾਰਟਅਪ Byju's ਵਿਚ ਮੈਰੀ ਮੀਕਰ, ਯੂਰੀ ਮਿਲਨਰ, ਚੈਨ-ਜ਼ੁਕਰਬਰਗ ਇਨੀਸ਼ੀਏਟਿਵ, ਟੈਨਸੈਂਟ, ਸਿਕੋਇਆ ਕੈਪੀਟਲ ਅਤੇ ਟਾਈਗਰ ਗਲੋਬਲ ਵਰਗੇ ਦਿੱਗਜ ਨਿਵੇਸ਼ਕਾਂ ਦਾ ਨਿਵੇਸ਼ ਹੈ। ਕੰਪਨੀ ਨੇ ਹੁਣ ਤੱਕ 2 ਅਰਬ ਡਾਲਰ ਤੋਂ ਵੱਧ ਦਾ ਫੰਡ ਜੁਟਾ ਚੁੱਕੀ ਹੈ। ਬਾਇਜੂ ਦੀ ਸ਼ੁਰੂਆਤ 2015 ਵਿਚ ਕੀਤੀ ਗਈ ਸੀ ਅਤੇ ਇਸ ਦੇ ਪਲੇਟਫਾਰਮ 'ਤੇ 8 ਕਰੋੜ ਤੋਂ ਵੱਧ ਵਿਦਿਆਰਥੀ ਹਨ। Byju's ਨੇ ਅਪ੍ਰੈਲ-ਸਤੰਬਰ 2020 ਦੌਰਾਨ ਆਪਣੇ ਪਲੇਟਫਾਰਮ 'ਤੇ 4.5 ਕਰੋੜ ਨਵੇਂ ਵਿਦਿਆਰਥੀਆਂ ਜੋੜੇ ਹਨ।