ਫਰਜ਼ੀ ਗੇਮਿੰਗ ਐਪ ਦੇ ਪ੍ਰੋਮੋਟਰਾਂ ’ਤੇ ED ਦਾ ਸ਼ਿਕੰਜਾ, ਕੋਲਕਾਤਾ ’ਚ 17 ਕਰੋੜ ਤੋਂ ਵੱਧ ਦੀ ਨਕਦੀ ਜ਼ਬਤ
Sunday, Sep 11, 2022 - 02:06 PM (IST)
ਨਵੀਂ ਦਿੱਲੀ/ਕੋਲਕਾਤਾ (ਭਾਸ਼ਾ) – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਏਜੰਸੀ ਨੇ ਮਨੀ ਲਾਂਡਰਿੰਗ ਜਾਂਚ ਦੇ ਤਹਿਤ ਕਥਿਤ ਫਰਜ਼ੀ ਮੋਬਾਈਲ ਗੇਮਿੰਗ ਐਪ ਦੇ ਪ੍ਰੋਮੋਟਰਾਂ ਵਿਰੁੱਧ ਕੋਲਕਾਤਾ ’ਚ ਕੀਤੀ ਗਈ ਛਾਪੇਮਾਰੀ ’ਚ 17 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ।
ਕੇਂਦਰੀ ਏਜੰਸੀ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਗੇਮਿੰਗ ਐਪ ਈ-ਨੱਗੇਟਸ ਅਤੇ ਇਸ ਦੇ ਪ੍ਰੋਮੋਟਰ ਆਮਿਰ ਖਾਨ ਦੇ ਅੱਧਾ ਦਰਜ਼ਨ ਟਿਕਾਣਿਆਂ ’ਤੇ ਈ. ਡੀ. ਨੇ ਛਾਪੇਮਾਰੀ ਕੀਤੀ। ਈ. ਡੀ. ਨੇ ਦੱਸਿਆ ਕਿ ਹੁਣ ਤੱਕ 17 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਹੈ। ਬਰਾਮਦ ਨਕਦੀ ਦੀ ਗਿਣਤੀ ਅਜੇ ਵੀ ਜਾਰੀ ਹੈ। ਕੋਲਕਾਤਾ ਪੁਲਸ ਨੇ ਫਰਵਰੀ 2021 ’ਚ ਕੰਪਨੀ ਅਤੇ ਉਸ ਦੇ ਪ੍ਰੋਮੋਟਰਾਂ ਵਿਰੁੱਧ ਇਕ ਸ਼ਿਕਾਇਤ ਦਰਜ ਕੀਤੀ ਸੀ ਅਤੇ ਇਸੇ ਨਾਲ ਮਨੀ ਲਾਂਡਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਐਪ ਅਤੇ ਇਸ ਦੇ ਪ੍ਰੋਮੋਟਰਾਂ ਦਾ ਸੰਪਰਕ ਕਿਤੇ ਚੀਨ ਦੇ ਕੰਟ੍ਰੋਲ ਵਾਲੀ ਐਪ ਨਾਲ ਤਾਂ ਨਹੀਂ ਹੈ।