ਅਕਤੂਬਰ ''ਚ GST ਕਲੈਕਸ਼ਨ ਹੋਵੇਗਾ 1 ਲੱਖ ਕਰੋੜ ਤੋਂ ਪਾਰ!
Sunday, Oct 25, 2020 - 10:05 AM (IST)

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਅਰਥਵਿਵਸਥਾ ਨੂੰ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਕਲੈਕਸ਼ਨ ਥੋੜ੍ਹੀ ਰਾਹਤ ਦੇ ਸਕਦਾ ਹੈ। ਮਹਾਮਾਰੀ ਤੋਂ 8 ਮਹੀਨੇ ਬਾਅਦ ਪਹਿਲੀ ਵਾਰ ਅਕਤੂਬਰ 'ਚ 1 ਲੱਖ ਕਰੋੜ ਰੁਪਏ ਤੋਂ ਪਾਰ ਜੀ. ਐੱਸ. ਟੀ. ਕਲੈਕਸ਼ਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜੀ. ਐੱਸ. ਟੀ. ਨਾਲ ਜੁੜੇ ਦੋ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਪਲਬਧ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਮਹੀਨੇ ਜੀ. ਐੱਸ. ਟੀ. ਮਾਲੀਏ 'ਚ ਵਾਧਾ ਮਜ਼ਬੂਤ ਰਿਹਾ ਹੈ, ਕਿਉਂਕਿ ਤਾਲਾਬੰਦੀ ਤੋਂ ਬਾਅਦ ਅਨਲਾਕ 'ਚ ਕਾਰੋਬਾਰ ਵੱਧ ਰਿਹਾ ਹੈ ਅਤੇ ਆਰਥਿਕ ਸਰਗਰਮੀ 'ਚ ਤੇਜ਼ੀ ਆਈ ਹੈ। ਉਥੇ ਹੀ ਤਿਓਹਾਰੀ ਸੀਜ਼ਨ 'ਚ ਘਰੇਲੂ ਖ਼ਪਤ 'ਚ ਵੀ ਤੇਜ਼ੀ ਦੇਖੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜੀ. ਐੱਸ. ਟੀ. ਰਿਟਰਨ ਦਾਖ਼ਲ ਕਰਨ ਨਾਲ ਅਕਤੂਬਰ 'ਚ ਅਸਿੱਧਾ ਟੈਕਸ ਸੰਗ੍ਰਿਹ 1 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ 20 ਅਕਤੂਬਰ ਨੂੰ 1.1 ਮਿਲੀਅਨ ਤੋਂ ਵੱਧ ਜੀ. ਐੱਸ. ਟੀ. ਆਰ-3ਬੀ ਰਿਟਰਨ ਦਾਖ਼ਲੇ ਕੀਤੇ ਗਏ ਹਨ। ਪਿਛਲੇ ਸਾਲ ਇਸ ਦਿਨ ਤੱਕ 4,85,000 ਜੀ. ਐੱਸ. ਟੀ. ਆਰ.-3ਬੀ ਰਿਟਰਨ ਦਾਖ਼ਲ ਕੀਤੇ ਗਏ ਸਨ। ਸਰਕਾਰ ਲਈ ਇਹ ਚੰਗੀ ਖ਼ਬਰ ਹੈ। ਇਸ ਵਿੱਤੀ ਸਾਲ 'ਚ 2.35 ਲੱਖ ਰੁਪਏ ਦੀ ਅਨੁਮਾਨਿਤ ਕਮੀ ਦੱਸੀ ਜਾ ਰਹੀ ਹੈ ਅਤੇ ਇਸ 'ਚੋਂ ਕੇਂਦਰ ਸਰਕਾਰ ਸੂਬਿਆਂ ਨੂੰ ਮੁਆਵਜ਼ੇ ਲਈ 1.1 ਲੱਖ ਕਰੋੜ ਰੁਪਏ ਉਧਾਰ ਲੈ ਰਹੀ ਹੈ।