EB-5 ਵੀਜ਼ਾ ''ਤੇ ਦਸੰਬਰ ''ਚ ਬਦਲਣ ਜਾ ਰਹੇ ਨੇ ਨਿਯਮ, ਇਨ੍ਹਾਂ ਲੋਕਾਂ ''ਤੇ ਹੋਵੇਗਾ ਅਸਰ

10/28/2018 12:32:40 PM

ਚੰਡੀਗੜ੍ਹ— ਭਾਰਤ ਨਾਲ ਅਮਰੀਕਾ ਦੀ ਈ. ਬੀ.-5 ਵੀਜ਼ਾ ਪ੍ਰਕਿਰਿਆ 7 ਦਸੰਬਰ ਦੇ ਬਾਅਦ ਵਿਗੜ ਸਕਦੀ ਹੈ। ਭਾਰਤ-ਅਮਰੀਕਾ ਵਿਚਕਾਰ ਸਮਝੌਤੇ ਦੀ ਮਿਆਦ 7 ਦਸੰਬਰ ਨੂੰ ਖਤਮ ਹੋ ਰਹੀ ਹੈ। ਇਸ ਦੇ ਬਾਅਦ ਟਰੰਪ ਪ੍ਰਸ਼ਾਸਨ ਈ. ਬੀ.-5 ਵੀਜ਼ਾ ਦੀ ਤਰੀਕ ਵਧਾਉਣ ਨੂੰ ਲੈ ਕੇ ਸਖਤ ਫੈਸਲਾ ਲੈ ਸਕਦਾ ਹੈ। ਜਾਣਕਾਰੀ ਮੁਤਾਬਕ ਟਰੰਪ ਪ੍ਰਸ਼ਾਸਨ ਅਗਲੇ ਮਹੀਨੇ ਈ. ਬੀ.-5 ਵੀਜ਼ਾ 'ਚ ਜ਼ਰੂਰੀ ਨਿਵੇਸ਼ ਰਾਸ਼ੀ ਦੀ ਲਿਮਟ ਵਧਾਉਣ ਜਾ ਰਿਹਾ ਹੈ। ਸ਼ਹਿਰ ਦੇ ਸੈਕਟਰ-9 ਸਥਿਤ ਇਕ ਹੋਟਲ 'ਚ ਆਯੋਜਿਤ ਪੱਤਰਕਾਰ ਸੰਮੇਲਨ 'ਚ ਅਮਰੀਕੀ ਕਾਂਗਰਸਮੈਨ ਆਰੌਨ ਸ਼ਾਕ ਨੇ ਇਹ ਜਾਣਕਾਰੀ ਦਿੱਤੀ।  

ਇਸ ਨਾਲ ਅਮਰੀਕਾ 'ਚ ਈ. ਬੀ.-5 ਵੀਜ਼ਾ ਪ੍ਰੋਗਰਾਮ ਤਹਿਤ ਪੱਕੇ ਹੋਣ ਦਾ ਸੁਪਨਾ ਦੇਖਣ ਵਾਲੇ ਲੋਕਾਂ ਦੀ ਉਮੀਦ ਨੂੰ ਝਟਕਾ ਲੱਗ ਸਕਦਾ ਹੈ। ਈ. ਬੀ.-5 ਵੀਜ਼ਾ 'ਚ ਵਿਵਸਥਾ ਹੈ ਕਿ ਜੇਕਰ ਕੋਈ ਵਿਅਕਤੀ 3.1 ਕਰੋੜ ਰੁਪਏ ਤੋਂ ਜ਼ਿਆਦਾ ਇਕਮੁਸ਼ਤ ਨਿਵੇਸ਼ ਕਰਦਾ ਹੈ ਜਾਂ 10 ਲੋਕਾਂ ਲਈ ਅਮਰੀਕਾ 'ਚ ਨੌਕਰੀਆਂ ਪੈਦਾ ਕਰਦਾ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ 'ਤੇ ਨਾਗਰਿਕਤਾ ਦਿੱਤੀ ਜਾਂਦੀ ਹੈ। ਹਰ ਸਾਲ ਇਸ ਕੋਟੇ ਤਹਿਤ 10,000 ਵੀਜ਼ਾ ਦਿੱਤੇ ਜਾਂਦੇ ਹਨ, ਜਦੋਂ ਕਿ ਇਕ ਸਾਲ 'ਚ ਕਿਸੇ ਵੀ ਦੇਸ਼ ਦੇ 700 ਤੋਂ ਜ਼ਿਆਦਾ ਨਾਗਰਿਕਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਸਕਦਾ। ਹੁਣ ਤਕ ਇਸ ਤਹਿਤ ਘੱਟੋ-ਘੱਟੋ ਨਿਵੇਸ਼ ਕਰਨ ਦੀ ਰਾਸ਼ੀ 5 ਲੱਖ ਡਾਲਰ ਹੈ ਪਰ ਜਲਦ ਹੀ ਇਹ ਲਿਮਟ ਵਧਾ ਕੇ 10 ਲੱਖ ਡਾਲਰ ਕੀਤੀ ਜਾ ਸਕਦੀ ਹੈ।

ਇਕ ਰਿਪੋਰਟ ਮੁਤਾਬਕ, ਈ. ਬੀ.-5 ਵੀਜ਼ਾ ਅਰਜ਼ੀਦਾਤਾਵਾਂ ਦੇ ਮਾਮਲੇ 'ਚ ਭਾਰਤ ਦੂਜੇ ਨੰਬਰ 'ਤੇ ਹੈ, ਜਿਸ ਦੇ ਬਾਅਦ ਚੀਨ, ਵੀਅਤਨਾਮ ਅਤੇ ਦੱਖਣੀ ਕੋਰੀਆ ਹਨ। ਸਾਲ 2013 'ਚ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ 86, ਸਾਲ 2014 'ਚ 99, ਸਾਲ 2015 'ਚ 239, ਸਾਲ 2016 'ਚ 348 ਅਤੇ ਸਾਲ 2017 'ਚ 567 ਰਹੀ ਹੈ। ਰਿਪੋਰਟ ਮੁਤਾਬਕ ਅਮਰੀਕਾ ਜਾਣ ਲਈ ਸਭ ਤੋਂ ਵੱਧ ਪੰਜਾਬੀ ਪ੍ਰੇਰਿਤ ਰਹੇ ਹਨ।


Related News