GST ਚੋਰੀ 'ਤੇ ਲਗਾਮ, ਵਪਾਰਕ ਵਾਹਨਾਂ ਦੇ ਈ-ਵੇਅ ਬਿੱਲ ਫਾਸਟੈਗ ਨਾਲ ਜੁੜੇ
Wednesday, May 19, 2021 - 05:43 PM (IST)
ਨਵੀਂ ਦਿੱਲੀ- ਹੁਣ ਜੀ. ਐੱਸ. ਟੀ. ਅਧਿਕਾਰੀਆਂ ਨੂੰ ਰਾਸ਼ਟਰੀ ਰਾਜਮਾਰਗ 'ਤੇ ਚੱਲਣ ਵਾਲੇ ਵਪਾਰਕ ਵਾਹਨਾਂ ਦੀ ਆਵਜਾਈ ਦੇ ਅਸਲ ਸਮੇਂ ਦੀ ਜਾਣਕਾਰੀ ਵੀ ਹਾਸਲ ਹੋਵੇਗੀ। ਵਪਾਰਕ ਵਾਹਨਾਂ ਦੇ ਈ-ਵੇਅ ਬਿੱਲ ਨੂੰ ਫਾਸਟੈਗ ਤੇ ਆਰ. ਐੱਫ. ਆਈ. ਡੀ. ਨਾਲ ਜੋੜ ਦਿੱਤਾ ਗਿਆ ਹੈ। ਇਸ ਨਾਲ ਵਪਾਰਕ ਵਾਹਨਾਂ 'ਤੇ ਸਟੀਕ ਨਜ਼ਰ ਰੱਖੀ ਜਾ ਸਕੇਗੀ ਅਤੇ ਜੀ. ਐੱਸ. ਟੀ. ਚੋਰੀ ਦਾ ਪਤਾ ਲੱਗ ਸਕੇਗਾ।
ਜੀ. ਐੱਸ. ਟੀ. ਅਧਿਕਾਰੀਆਂ ਦੀ ਈ-ਵੇਅ ਬਿੱਲ ਮੋਬਾਇਲ ਐਪ ਵਿਚ ਨਵਾਂ ਫੀਚਰ ਜੋੜ ਦਿੱਤਾ ਗਿਆ ਹੈ। ਇਸ ਜ਼ਰੀਏ ਈ-ਵੇਅ ਬਿੱਲ ਦਾ ਅਸਲ ਵੇਰਵਾ ਜਾਣ ਸਕਣਗੇ। ਇਸ ਨਾਲ ਟੈਕਸ ਚੋਰੀ ਕਰਨ ਵਾਲਿਆਂ ਨੂੰ ਫੜਨ ਤੇ ਈ-ਵੇਅ ਬਿੱਲ ਪ੍ਰਣਾਲੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਫੜਨ ਵਿਚ ਮਦਦ ਮਿਲੇਗੀ।
ਜੀ. ਐੱਸ. ਟੀ. ਵਿਵਸਥਾ ਤਹਿਤ 28 ਅਪ੍ਰੈਲ 2018 ਤੋਂ ਵਪਾਰੀਆਂ ਤੇ ਟ੍ਰਾਂਸਪੋਰਟਰਾਂ ਨੂੰ 50 ਹਜ਼ਾਰ ਰੁਪਏ ਤੋਂ ਵੱਧ ਮੁੱਲ ਦਾ ਸਾਮਾਨ ਦੀ ਅੰਤਰਰਾਜੀ ਵਿਕਰੀ ਤੇ ਖ਼ਰੀਦ 'ਤੇ ਈ-ਵੇਅ ਬਿੱਲ ਬਣਾਉਣਾ ਤੇ ਦਿਖਾਉਣਾ ਲਾਜ਼ਮੀ ਹੈ। ਈ-ਵੇਅ ਬਿੱਲ ਪ੍ਰਣਾਲੀ ਵਿਚ ਰੋਜ਼ਾਨਾ ਔਸਤ 25 ਲੱਖ ਮਾਲਵਾਹਕ ਵਾਹਨਾਂ ਦੀ ਆਵਜਾਈ ਦੇਸ਼ ਦੇ 800 ਤੋਂ ਜ਼ਿਆਦਾ ਟੋਲ ਨਾਕਿਆਂ ਤੋਂ ਹੁੰਦੀ ਹੈ। ਹੁਣ ਇਸ ਨਵੀਂ ਪ੍ਰਣਾਲੀ ਨਾਲ ਅਧਿਕਾਰੀ ਉਨ੍ਹਾਂ ਵਾਹਨਾਂ ਦੀ ਰਿਪੋਰਟ ਦੇਖ ਸਕਣਗੇ ਜਿਨ੍ਹਾਂ ਨੇ ਪਿਛਲੇ ਕੁਝ ਮਿੰਟਾਂ ਦੌਰਾਨ ਬਿਨਾਂ ਈ-ਵੇਅ ਬਿੱਲ ਟੋਲ ਪਾਰ ਕੀਤਾ ਹੈ। ਸਰਕਾਰ ਦੇ ਅਕੰੜਿਆਂ ਅਨੁਸਾਰ, ਗੁਜਰਾਤ, ਮਹਾਰਾਸ਼ਟਰ, ਹਰਿਆਣਾ, ਤਾਮਿਲਨਾਡੂ ਅਤੇ ਕਰਨਾਟਕ ਵਿਚ ਅੰਤਰਰਾਜੀ ਆਵਜਾਈ ਲਈ ਸਭ ਤੋਂ ਵੱਧ ਈ-ਵੇਅ ਬਿੱਲ ਬਣਦੇ ਹਨ।