ਟਰੰਪ ਦੀ ਯਾਤਰਾ ਦੌਰਾਨ ਹੋ ਸਕਦੇ ਨੇ ਇਹ ਪੰਜ ਸਮਝੌਤੇ, ਪਰ ਵੱਡੀ ਡੀਲ ਨਹੀਂ

02/22/2020 12:14:22 PM

ਨਵੀਂ ਦਿੱਲੀ—  ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਪਹਿਲੀ ਵਾਰ ਭਾਰਤ ਯਾਤਰਾ 'ਤੇ ਆ ਰਹੇ ਹਨ, ਜਿਸ 'ਤੇ ਹਰ ਕਿਸੇ ਦੀ ਨਜ਼ਰ ਟਿਕੀ ਹੋਈ ਹੈ। ਉਨ੍ਹਾਂ ਦੀ ਇਸ ਯਾਤਰਾ ਦੌਰਾਨ ਸੁਰੱਖਿਆ, ਵਪਾਰ ਸਰਲੀਕਰਨ ਤੇ ਬੌਧਿਕ ਜਾਇਦਾਦ ਅਧਿਕਾਰਾਂ ਦੇ ਮਾਮਲੇ 'ਚ ਪੰਜ ਸਮਝੌਤੇ ਹੋਣ ਦੀ ਸੰਭਾਵਨਾ ਹੈ।



ਹਾਲਾਂਕਿ, ਟਰੰਪ ਨਾਲ ਆਉਣ ਵਾਲੇ ਉੱਚ ਪੱਧਰੀ ਵਫਦ 'ਚ ਅਮਰੀਕਾ ਦੇ ਪ੍ਰਮੁੱਖ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਾਈਜ਼ਰ ਸ਼ਾਮਲ ਨਾ ਹੋਣ ਕਾਰਨ ਕੋਈ ਵੱਡਾ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ ਨਹੀਂ ਹੈ। ਰਾਬਰਟ ਲਾਈਟਾਈਜ਼ਰ ਤੋਂ ਇਲਾਵਾ ਟਰੰਪ ਨਾਲ ਯੂ. ਐੱਸ. ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ' ਬ੍ਰਾਇਨ, ਕਾਮਰਸ ਸਕੱਤਰ ਵਿਲਬਰ ਰੌਸ ਤੇ ਐਨਰਜੀ ਸਕੱਤਰ ਡੈਨ ਬਰੂਇਲੇਟ ਸਮੇਤ ਪ੍ਰਸ਼ਾਸਨ ਦੇ ਹੋਰ ਸੀਨੀਅਰ ਮੈਂਬਰ ਭਾਰਤ ਆਉਣਗੇ।

ਸੂਤਰਾਂ ਮੁਤਾਬਕ, ਲਾਈਟਾਈਜ਼ਰ ਦਾ ਨਾਮ ਅਧਿਕਾਰਤ ਵਫਦ ਸੂਚੀ 'ਚ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਦੋਹਾਂ ਧਿਰਾਂ ਵੱਲੋਂ ਵਪਾਰਕ ਗੱਲਬਾਤ 'ਤੇ ਜਲਦਬਾਜ਼ੀ 'ਚ ਜ਼ੋਰ ਨਾ ਦੇਣ ਅਤੇ ਅਮਰੀਕੀ ਰਾਸ਼ਟਰਪਤੀ ਵੱਲੋਂ ਇਸ ਸੌਦੇ ਨੂੰ ਦੌਰੇ ਤੋਂ ਵੱਖ ਕਰਨ ਤੋਂ ਬਾਅਦ ਇਹ ਹੋਇਆ ਹੈ। ਯੂ. ਐੱਸ. ਤੇ ਭਾਰਤ ਦੋਹਾਂ ਦਾ ਮੰਨਣਾ ਹੈ ਕਿ ਵੱਡੇ ਵਪਾਰ ਸੌਦੇ ਲਈ ਹੋਰ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਮਤਭੇਦ ਅਜੇ ਵੀ ਬਣੇ ਹੋਏ ਹਨ ਅਤੇ ਵੱਡੇ ਮੁਕਤ ਵਪਾਰ ਸਮਝੌਤੇ ਨੂੰ ਖੋਲ੍ਹਣ ਲਈ ਇਨ੍ਹਾਂ ਦਾ ਹੱਲ ਲਾਜ਼ਮੀ ਹੈ। ਦੱਸ ਦੇਈਏ ਕਿ ਟਾਪ ਦੇ ਅਧਿਕਾਰੀਆਂ ਤੋਂ ਇਲਾਵਾ ਟਰੰਪ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ, ਬੇਟੀ ਇਵਾਂਕਾ ਅਤੇ ਜਵਾਈ ਜਾਰੇਡ ਕੁਸ਼ਨੇਰ ਵੀ ਇਸ ਵਫਦ ਦਾ ਹਿੱਸਾ ਹੋਣਗੇ। ਟਰੰਪ ਇਸ ਵਫਦ ਨਾਲ 24 ਤੇ 25 ਫਰਵਰੀ ਨੂੰ ਅਹਿਮਦਾਬਾਦ, ਆਗਰਾ ਤੇ ਰਾਸ਼ਟਰੀ ਰਾਜਧਾਨੀ ਦਾ ਦੌਰਾ ਕਰਨਗੇ।


Related News