ਵੱਡੀ ਰਾਹਤ! ਸਰਕਾਰ ਨੇ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ਼ ਵਧਾਈ
Wednesday, Dec 30, 2020 - 11:12 PM (IST)
 
            
            ਨਵੀਂ ਦਿੱਲੀ- ਜੇਕਰ ਤੁਸੀਂ ਹੁਣ ਤੱਕ ਵਿੱਤੀ ਸਾਲ 2019-20 ਲਈ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਦਾਇਰ ਨਹੀਂ ਕੀਤੀ ਹੈ ਤਾਂ ਤੁਹਾਡੇ ਲਈ ਰਾਹਤ ਦੀ ਖ਼ਬਰ ਹੈ। ਸਰਕਾਰ ਨੇ ਆਈ. ਟੀ. ਆਰ. ਦਾਇਰ ਕਰਨ ਦੀ ਸਮਾਂ-ਸੀਮਾ ਵਧਾ ਕੇ 10 ਜਨਵਰੀ 2021 ਤੱਕ ਕਰ ਦਿੱਤੀ ਹੈ।
ਵਿੱਤੀ ਸਾਲ 2019-20 ਲਈ ਇਨਕਮ ਟੈਕਸ ਰਿਟਰਨ ਦਾਇਰ ਕਰਨ ਦੀ ਸਮਾਂ-ਸੀਮਾ 31 ਦਸੰਬਰ 2020 ਨੂੰ ਸਮਾਪਤ ਹੋ ਰਹੀ ਸੀ।
ਇਨਕਮ ਟੈਕਸ ਵਿਭਾਗ ਮੁਤਾਬਕ, ਹੁਣ ਤੱਕ 4.5 ਕਰੋੜ ਤੋਂ ਜ਼ਿਆਦਾ ਲੋਕ ਰਿਟਰਨ ਭਰ ਚੁੱਕੇ ਹਨ। ਹਾਲਾਂਕਿ ਕੋਰੋਨਾ ਕਾਲ ਵਿਚ ਇੰਨੇ ਲੰਮੇ ਵਕਤ ਲਈ ਰਿਟਰਨ ਭਰਨ ਦੀ ਛੋਟ ਮਿਲਣ ਦੇ ਬਾਵਜੂਦ ਆਖ਼ਰੀ ਤਾਰੀਖ਼ ਸਮੇਂ ਤੱਕ ਆਈ. ਟੀ. ਆਰ. ਭਰਨ ਦੀ ਹੋੜ ਮਚੀ ਹੋਈ ਹੈ। ਰੋਜ਼ਾਨਾ 6-7 ਲੱਖ ਰਿਟਰਨ ਭਰੇ ਜਾ ਰਹੇ ਹਨ। ਇਨਕਮ ਟੈਕਸ ਵਿਭਾਗ ਨੇ ਆਈ. ਟੀ. ਆਰ. ਭਰਨ ਦੀ ਸਮਾਂ-ਸੀਮਾ ਵਧਾਉਣ ਦੀ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ- 2020 : ਸੋਨੇ ਨੇ ਦਿੱਤਾ ਸ਼ਾਨਦਾਰ ਰਿਟਰਨ, '21 'ਚ ਵੀ ਚਮਕ ਰਹੇਗੀ ਬਰਕਰਾਰ
ਉੱਥੇ ਹੀ, ਜਿਨ੍ਹਾਂ ਕੰਪਨੀਆਂ ਦੇ ਆਈ. ਟੀ. ਆਰ. ਦਾ ਆਡਿਟ ਜ਼ਰੂਰੀ ਹੈ, ਉਨ੍ਹਾਂ ਲਈ ਪਹਿਲਾਂ ਹੀ ਸਮਾਂ-ਸੀਮਾ 31 ਜਨਵਰੀ ਤੱਕ ਸੀ, ਇਸ ਨੂੰ ਵਧਾ ਕੇ 15 ਫਰਵਰੀ ਤੱਕ ਕਰ ਦਿੱਤਾ ਗਿਆ ਹੈ। ਕੋਰੋਨਾ ਮਹਾਮਾਰੀ ਵਿਚ ਕਈ ਮੁਸ਼ਕਲਾਂ ਨੂੰ ਦੇਖ਼ਦੇ ਹੋਏ ਸਰਕਾਰ ਨੇ ਇਹ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ।
ਗੌਰਤਲਬ ਹੈ ਕਿ ਆਈ. ਟੀ. ਆਰ. ਭਰਨਾ ਉਨ੍ਹਾਂ ਲੋਕਾਂ ਲਈ ਵੀ ਜ਼ਰੂਰੀ ਹੈ, ਜਿਨ੍ਹਾਂ ਨੇ ਖ਼ੁਦ ਜਾਂ ਪਰਿਵਾਰ ਦੇ ਮੈਂਬਰਾਂ ਦੀ ਵਿਦੇਸ਼ ਯਾਤਰਾ 'ਤੇ 2 ਲੱਖ ਰੁਪਏ ਤੋਂ ਜ਼ਿਆਦਾ ਖ਼ਰਚ ਕੀਤੇ ਹਨ। ਇਸ ਤੋਂ ਇਲਾਵਾ ਵਿੱਤੀ ਸਾਲ ਦੌਰਾਨ 1 ਲੱਖ ਰੁਪਏ ਤੋਂ ਜ਼ਿਆਦਾ ਦਾ ਬਿਜਲੀ ਭਰਨ ਵਾਲੇ ਲੋਕਾਂ ਲਈ ਵੀ ਰਿਟਰਨ ਫਾਈਲ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ- ਸਰਕਾਰ ਨੇ ਇਸ ਤਾਰੀਖ਼ ਤੱਕ ਵਧਾਈ ਕੌਮਾਂਤਰੀ ਉਡਾਣਾਂ 'ਤੇ ਲਾਈ ਪਾਬੰਦੀ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            