ਹੁਣ ਬਦਲ ਜਾਵੇਗਾ ਡਰਾਈਵਿੰਗ ਲਾਇਸੈਂਸ, ATM ਕਾਰਡ ਵਾਂਗ ਕਰੇਗਾ ਕੰਮ
Sunday, Dec 30, 2018 - 09:14 AM (IST)

ਨਵੀਂ ਦਿੱਲੀ— 1 ਜੁਲਾਈ 2019 ਤੋਂ ਤੁਹਾਡਾ ਡਰਾਈਵਿੰਗ ਲਾਇਸੈਂਸ ਬਦਲ ਜਾਵੇਗਾ। ਦੇਸ਼ ਭਰ ’ਚ ਨਵੇਂ ਫਾਰਮੈਟ ਦੇ ਡਰਾਈਵਿੰਗ ਲਾਇਸੈਂਸ ਮਿਲਣਗੇ। ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਜਾਰੀ ਹੋਣ ਵਾਲੇ ਨਵੇਂ ਡਰਾਈਵਿੰਗ ਲਾਇਸੈਂਸ ਇਕ ਵਰਗੇ ਹੀ ਹੋਣਗੇ। ਨਵੇਂ ਡਰਾਈਵਿੰਗ ਲਾਇਸੈਂਸ ’ਚ ਚਿਪ ਦੇ ਨਾਲ ਕਿਊ. ਆਰ. (ਕੁਇਕ ਰਿਸਪਾਂਸ) ਕੋਡ ਵੀ ਹੋਵੇਗਾ। ਕਾਰਡ ’ਤੇ ਪ੍ਰਿੰਟ ਜਾਣਕਾਰੀਆਂ ਤੋਂ ਇਲਾਵਾ ਚਿਪ ’ਚ ਡਰਾਈਵਿੰਗ ਅਤੇ ਵ੍ਹੀਕਲ ਦੀ ਹਰ ਜਾਣਕਾਰੀ ਸ਼ਾਮਲ ਹੋਵੇਗੀ।
ਨਵੇਂ ਡਰਾਈਵਿੰਗ ਲਾਇਸੈਂਸ ’ਚ ਏ. ਟੀ. ਐੱਮ. ਕਾਰਡ ਵਰਗਾ ਮਾਈਕ੍ਰੋ ਚਿਪ ਲੱਗਾ ਹੋਵੇਗਾ। ਇਸ ਤੋਂ ਇਲਾਵਾ ਇਸ ’ਚ ਕਿਊ. ਆਰ. ਕੋਡ ਫੀਚਰ ਵੀ ਦਿੱਤਾ ਜਾਵੇਗਾ। ਇਸ ’ਚ ਸਭ ਤੋਂ ਨਵਾਂ ਅਤੇ ਖਾਸ ਫੀਚਰ ਹੋਵੇਗਾ ਨੀਅਰ ਫੀਲਡ ਕਮਿਊਨੀਕੇਸ਼ਨ (ਐੱਨ. ਐੱਫ. ਸੀ.)। ਇਸ ਫੀਚਰ ਦੀ ਮਦਦ ਨਾਲ ਟਰੈਫਿਕ ਪੁਲਸ ਆਪਣੇ ਕੋਲ ਰੱਖੇ ਡਿਵਾਈਸ ਨਾਲ ਕਾਰਡ ’ਚ ਮੌਜੂਦ ਸਾਰੀਆਂ ਜਾਣਕਾਰੀ ਹਾਸਲ ਕਰ ਸਕਦੀ ਹੈ।
ਯੂਨੀਫਾਰਮ ਡਰਾਈਵਿੰਗ ਲਾਇਸੈਂਸ ’ਚ ਚਿਪ ’ਚ ਪ੍ਰਿੰਟ ਕੀਤੀ ਗਈ ਸਾਰੀ ਜਾਣਕਾਰੀ ਸੇਵ ਹੋਵੇਗੀ। ਇਸ ’ਚ ਡਰਾਈਵਰ ਵਲੋਂ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ’ਤੇ ਉਸ ’ਤੇ ਲੱਗੇ ਦੋਸ਼ ਅਤੇ ਚਲਾਨ ਦੀ ਜਾਣਕਾਰੀ ਵੀ ਰਹੇਗੀ ਤਾਂ ਕਿ ਕਦੇ ਵੀ ਕੋਈ ਨਿਯਮ ਤੋੜੇ ਜਾਣ ਜਾਂ ਅਪਰਾਧ ਕੀਤੇ ਜਾਣ ’ਤੇ ਉਸਦਾ ਪੁਰਾਣਾ ਰਿਕਾਰਡ ਵੇਖਿਆ ਜਾ ਸਕੇ। ਇਸ ਦੇ ਨਾਲ ਹੀ ਇਸ ’ਚ ਟੈਕਸ, ਬੀਮਾ ਅਤੇ ਪੀ. ਯੂ. ਸੀ. ਦੀ ਵੀ ਜਾਣਕਾਰੀ ਦਰਜ ਹੋਵੇਗੀ।