USA ਬਾਜ਼ਾਰ ਰਿਕਾਰਡ ਤੋਂ ਡਿੱਗੇ, ਡਾਓ 24 ਅੰਕ ਡਿੱਗ ਕੇ ਬੰਦ

07/17/2019 8:02:12 AM

ਵਾਸ਼ਿੰਗਟਨ— ਡੋਨਾਲਡ ਟਰੰਪ ਵੱਲੋਂ ਚੀਨ ਤੇ ਯੂ. ਐੱਸ. ਵਿਚਕਾਰ ਵਪਾਰ ਨੂੰ ਲੈ ਕੇ ਗੱਲਬਾਤ 'ਤੇ ਖਦਸ਼ਾ ਖੜ੍ਹਾ ਕਰਨ ਨਾਲ ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਰਿਕਾਰਡ ਪੱਧਰ ਤੋਂ ਡਿੱਗ ਕੇ ਬੰਦ ਹੋਏ। ਟਰੰਪ ਨੇ ਕਿਹਾ ਕਿ ਚੀਨ ਨਾਲ ਵਪਾਰ 'ਤੇ ਗੱਲਬਾਤ ਲਈ ਲੰਮਾ ਸਮਾਂ ਲੱਗੇਗਾ, ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਯੂ. ਐੱਸ. ਚਾਹੇ ਤਾਂ 325 ਅਰਬ ਡਾਲਰ ਦੇ ਚਾਈਨਿਜ਼ ਸਮਾਨ 'ਤੇ ਟੈਰਿਫ ਲਗਾ ਸਕਦਾ ਹੈ।

 

 

ਵਾਪਰ ਨੂੰ ਲੈ ਕੇ ਦੋਹਾਂ ਆਰਥਿਕ ਤਾਕਤਾਂ ਵਿਚਕਾਰ ਤੱਲਖੀ ਫਿਰ ਵਧਣ ਦੇ ਖਦਸ਼ੇ ਕਾਰਨ ਮੰਗਲਵਾਰ ਡਾਓ ਜੋਂਸ ਬੀਤੇ 4 ਦਿਨਾਂ ਦੀ ਤੇਜ਼ੀ ਖੋਹਦੇਂ ਹੋਏ 23.53 ਅੰਕ ਯਾਨੀ 0.1 ਫੀਸਦੀ ਡਿੱਗ ਕੇ 27,335.63 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਪਿਛਲੇ ਪੰਜ ਦਿਨਾਂ ਤੋਂ ਮਜਬੂਤੀ 'ਚ ਰਿਹਾ ਐੱਸ. ਐਂਡ. ਪੀ.-500 ਵੀ 0.3 ਫੀਸਦੀ ਦੀ ਗਿਰਾਵਟ 'ਚ 3,004.04 ਦੇ ਪੱਧਰ 'ਤੇ ਜਾ ਪੁੱਜਾ। ਇਸ ਦੌਰਾਨ ਨੈਸਡੈਕ ਕੰਪੋਜ਼ਿਟ ਵੀ 0.4 ਫੀਸਦੀ ਡਿੱਗ ਕੇ 8,222.80 ਦੇ ਪੱਧਰ 'ਤੇ ਬੰਦ ਹੋਇਆ।

ਟਰੰਪ ਨੇ ਇਹ ਬਿਆਨ ਉਸ ਵਕਤ ਦਿੱਤਾ ਹੈ ਜਦੋਂ ਹਾਲ ਹੀ 'ਚ ਦੋਵੇਂ ਦੇਸ਼ ਵਪਾਰਕ ਮੁੱਦੇ ਹੱਲ ਕਰਨ ਲਈ ਗੱਲਬਾਤ 'ਤੇ ਸਹਿਮਤ ਹੋਏ ਸਨ। ਇਸ ਤੋਂ ਪਹਿਲਾਂ ਚੀਨ ਅਤੇ ਅਮਰੀਕਾ ਇਕ-ਦੂਜੇ ਦੇ ਅਰਬਾਂ ਡਾਲਰ ਦੇ ਸਮਾਨ 'ਤੇ ਟੈਰਿਫ ਲਾ ਚੁੱਕੇ ਹਨ। ਇਨ੍ਹਾਂ ਵਿਚਕਾਰ ਜਾਰੀ ਵਪਾਰ ਯੁੱਧ ਕਾਰਨ ਆਲਮੀ ਅਰਥਵਿਵਸਥਾ ਦੀ ਰਫਤਾਰ ਨੂੰ ਝਟਕਾ ਲੱਗਣ ਦਾ ਖਦਸ਼ਾ ਹੈ। ਬਾਜ਼ਾਰ ਨਿਵੇਸ਼ਕਾਂ ਦੀ ਨਜ਼ਰ ਨਾਲ-ਨਾਲ ਕਾਰਪੋਰੇਟ ਕਮਾਈ ਦੇ ਤਿਮਾਹੀ ਨਤੀਜਿਆਂ 'ਤੇ ਵੀ ਹੈ। ਬੀਤੇ ਦਿਨ ਗੋਲਡਮੈਨ ਸਾਕਸ ਨੇ ਤਿਮਾਹੀ ਨਤੀਜੇ ਜਾਰੀ ਕੀਤੇ ਹਨ, ਜੋ ਕਿ ਉਮੀਦਾਂ ਤੋਂ ਬਿਹਤਰ ਸਨ ਤੇ ਇਸ ਨਾਲ ਉਸ ਦੇ ਸਟਾਕਸ 'ਚ 1.9 ਫੀਸਦੀ ਤਕ ਦੀ ਮਜਬੂਤੀ ਦੇਖਣ ਨੂੰ ਮਿਲੀ।


Related News