ਡਾਓ ਜੋਂਸ 'ਚ ਹਲਕੀ ਬੜ੍ਹਤ, ਨੈਸਡੈਕ ਤੇ S&P ਗਿਰਾਵਟ 'ਚ ਬੰਦ

Thursday, May 09, 2019 - 07:53 AM (IST)

ਵਾਸ਼ਿੰਗਟਨ—    ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ। ਨਿਵੇਸ਼ਕਾਂ ਦੀ ਨਜ਼ਰ ਯੂ. ਐੱਸ. ਤੇ ਚੀਨ ਵਿਚਕਾਰ ਹੋਣ ਵਾਲੀ ਗੱਲਬਾਤ 'ਤੇ ਰਹੀ। ਕਾਰਪੋਰੇਟ ਨਤੀਜਿਆਂ ਤੇ ਅਮਰੀਕਾ-ਚੀਨ ਵਿਚਕਾਰ ਵਪਾਰ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਨਾਲ ਬਾਜ਼ਾਰ 'ਚ ਹਾਲੇ ਵੀ ਨਿਰਾਸ਼ਾ ਦਾ ਮਾਹੌਲ ਹੈ। ਡਾਓ ਜੋਂਸ 2.24 ਅੰਕ ਦੀ ਹਲਕੀ ਬੜ੍ਹਤ 'ਚ 25,967.33 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.16 ਫੀਸਦੀ ਡਾਊਨ ਹੋ ਕੇ 2,879.42 ਦੇ ਪੱਧਰ 'ਤੇ ਰਿਹਾ, ਜਦੋਂ ਕਿ ਨੈਸਡੈਕ ਕੰਪੋਜ਼ਿਟ 0.26 ਫੀਸਦੀ ਦੀ ਗਿਰਾਵਟ 'ਚ 7,943.32 ਦੇ ਪੱਧਰ 'ਤੇ ਬੰਦ ਹੋਇਆ। ਬੁੱਧਵਾਰ ਦੇ ਕਾਰੋਬਾਰ 'ਚ ਡਾਓ ਦਾ ਦਿਨ ਦਾ ਸਭ ਤੋਂ ਹੇਠਲਾ ਪੱਧਰ 153 ਅੰਕ ਰਿਹਾ। ਇਸ ਤੋਂ ਪਹਿਲਾਂ ਪਿਛਲੇ ਦੋ ਕਾਰੋਬਾਰੀ ਦਿਨਾਂ 'ਚ ਡਾਓ ਜੋਂਸ 540 ਅੰਕ ਟੁੱਟਾ ਸੀ।

 

 

ਟਰੰਪ ਦੇ ਚੀਨ 'ਤੇ ਟਵੀਟ ਮਗਰੋਂ ਸਟਾਕ ਬਾਜ਼ਾਰ ਹੁਣ ਤਕ ਭਾਰੀ ਗਿਰਾਵਟ ਤੋਂ ਨਹੀਂ ਉਭਰ ਸਕੇ ਹਨ ਕਿਉਂਕਿ ਚੀਨ ਤੇ ਅਮਰੀਕਾ ਵਿਚਕਾਰ ਵਪਾਰ ਦੀ ਸਥਿਤੀ ਨੂੰ ਲੈ ਕੇ ਨਿਵੇਸ਼ਕ ਸਾਵਧਾਨੀ ਦਾ ਰੁਖ਼ ਅਪਣਾ ਰਹੇ ਹਨ। ਟਰੰਪ ਨੇ ਚੀਨ ਦੇ 200 ਅਰਬ ਡਾਲਰ ਦੇ ਸਮਾਨਾਂ 'ਤੇ ਸ਼ੁੱਕਰਵਾਰ ਤੋਂ 25 ਫੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ, ਜਦੋਂ ਕਿ ਚੀਨ ਦਾ ਵਫਦ ਇਸ ਮੁੱਦੇ 'ਤੇ ਗੱਲਬਾਤ ਲਈ ਉਸ ਨਾਲ ਦੋ ਦਿਨਾ ਬੈਠਕ ਕਰਨ ਪਹੁੰਚ ਰਿਹਾ ਹੈ। ਨਿਵੇਸ਼ਕਾਂ 'ਚ ਇਸ ਗੱਲ ਨੂੰ ਲੈ ਕੇ ਡਰ ਹੈ ਕਿ ਜੇਕਰ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਟਰੰਪ ਪ੍ਰਸ਼ਾਸਨ ਸ਼ੁੱਕਰਵਾਰ ਨੂੰ ਨਵਾਂ ਟੈਰਿਫ ਅਪਲਾਈ ਕਰ ਸਕਦਾ ਹੈ।

 


Related News