ਟੈੱਕ ਸ਼ੇਅਰਾਂ ''ਚ ਤੇਜ਼ੀ, ਡਾਓ ਜੋਂਸ 1.7 ਫੀਸਦੀ ਚੜ੍ਹ ਕੇ ਬੰਦ
Wednesday, Apr 04, 2018 - 07:47 AM (IST)

ਵਾਸ਼ਿੰਗਟਨ— ਤਕਨਾਲੋਜੀ ਸ਼ੇਅਰਾਂ 'ਚ ਖਰੀਦ ਨਾਲ ਅਮਰੀਕੀ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਅਮਰੀਕੀ ਬਾਜ਼ਾਰ 1-1.7 ਫੀਸਦੀ ਤਕ ਉਛਲ ਕੇ ਬੰਦ ਹੋਏ ਹਨ। ਡਾਓ ਜੋਂਸ 389.2 ਅੰਕ ਯਾਨੀ 1.7 ਫੀਸਦੀ ਦੀ ਮਜ਼ਬੂਤੀ ਨਾਲ 24,033.4 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 71.2 ਅੰਕ ਯਾਨੀ 1 ਫੀਸਦੀ ਉਛਲ ਕੇ 6,941.3 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ. ਐਂਡ. ਪੀ.-500 ਇੰਡੈਕਸ 32.6 ਅੰਕ ਯਾਨੀ 1.25 ਫੀਸਦੀ ਦੀ ਤੇਜ਼ੀ ਨਾਲ 2,614.5 ਦੇ ਪੱਧਰ 'ਤੇ ਬੰਦ ਹੋਇਆ ਹੈ। ਤਕਨਾਲੋਜੀ ਸੈਕਟਰ 'ਚ ਨੈੱਟਫਲਿਕਸ ਅਤੇ ਐਮਾਜ਼ੋਨ ਨੇ ਮੰਗਲਵਾਰ ਨੂੰ ਚੰਗਾ ਪ੍ਰਦਰਸ਼ਨ ਕੀਤਾ। ਬੀਤੇ ਦਿਨੀਂ ਟੈੱਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ।
ਨੈਟਫਲਿਕਸ ਦੇ ਸ਼ੇਅਰ 'ਚ 1.2 ਫੀਸਦੀ, ਜਦੋਂ ਕਿ ਐਮਾਜ਼ੋਨ 'ਚ 1.5 ਫੀਸਦੀ ਅਤੇ ਫੇਸਬੁੱਕ 'ਚ 0.5 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਬਲੂਮਬਰਗ ਦੀ ਰਿਪੋਰਟ ਦੇ ਬਾਅਦ ਐਮਾਜ਼ੋਨ 'ਚ ਤੇਜ਼ੀ ਦਰਜ ਕੀਤੀ ਗਈ। ਇਸ ਰਿਪੋਰਟ 'ਚ ਬਲੂਮਬਰਗ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਵਾਈਟ ਹਾਊਸ ਦੀ ਐਮਾਜ਼ੋਨ ਖਿਲਾਫ ਕਾਰਵਾਈ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਇਸ ਵਿਚਕਾਰ ਅਮਰੀਕਾ ਨੇ ਚੀਨ ਤੋਂ ਬਰਾਮਦ ਹੋਣ ਵਾਲੇ ਸਾਮਾਨਾਂ 'ਤੇ ਡਿਊਟੀ ਲਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਕਮਿਊਨੀਕੇਸ਼ਨ ਤਕਨਾਲੋਜੀ, ਆਈ. ਟੀ. ਉਤਪਾਦਾਂ 'ਤੇ ਡਿਊਟੀ ਲਗਾਈ ਗਈ ਹੈ, ਨਾਲ ਹੀ ਰੋਬੋਟਿਕਸ, ਏਅਰੋਸਪੇਸ ਨਾਲ ਜੁੜੇ ਉਤਪਾਦਾਂ 'ਤੇ ਵੀ ਡਿਊਟੀ ਲਗਾਈ ਗਈ ਹੈ। ਉੱਥੇ ਹੀ, ਸੋਮਵਾਰ ਨੂੰ ਚੀਨ ਨੇ 128 ਅਮਰੀਕੀ ਸਾਮਾਨਾਂ 'ਤੇ ਡਿਊਟੀ ਲਗਾਈ ਸੀ।