ਦੇਸ਼ ’ਚ 2025 ਤੱਕ ਦੁੱਧ ਪ੍ਰੋਸੈਸਿੰਗ ਸਮਰੱਥਾ ਹੋਵੇਗੀ ਦੁੱਗਣੀ

02/19/2020 2:17:34 AM

ਨਵੀਂ ਦਿੱਲੀ (ਯੂ. ਐੱਨ. ਆਈ.)-ਸਰਕਾਰ ਦੇਸ਼ ’ਚ ਸਾਲ 2025 ਤੱਕ ਦੁੱਧ ਪ੍ਰੋਸੈਸਿੰਗ ਸਮਰੱਥਾ 5 ਕਰੋਡ਼ 35 ਲੱਖ ਟਨ ਤੋਂ ਵਧਾ ਕੇ 10 ਕਰੋਡ਼ 80 ਲੱਖ ਟਨ ਕਰੇਗੀ। ਦੁਧਾਰੂ ਪਸ਼ੂਆਂ ’ਚ ਜਿਨੈਟਿਕ ਸੁਧਾਰਾਂ ਅਤੇ ਕੁਝ ਹੋਰ ਉਪਰਾਲਿਆਂ ਨਾਲ ਦੁੱਧ ਉਤਪਾਦਨ ਵਧਾਇਆ ਜਾਵੇਗਾ। ਪਿਛਲੇ 5 ਸਾਲਾਂ ਤੋਂ ਦੇਸ਼ ’ਚ 6.4 ਫ਼ੀਸਦੀ ਦੀ ਦਰ ਨਾਲ ਦੁੱਧ ਉਤਪਾਦਨ ਵਧ ਰਿਹਾ ਹੈ। ਇਹ ਉਤਪਾਦਨ ਸਾਲ 2014-15 ’ਚ 14 ਕਰੋਡ਼ 63 ਲੱਖ ਟਨ ਤੋਂ ਸਾਲ 2018-19 ’ਚ ਵਧ ਕੇ 18 ਕਰੋਡ਼ 77 ਲੱਖ ਟਨ ਹੋ ਗਿਆ ਹੈ। ਇਸ ’ਚ ਲਗਭਗ 54 ਫ਼ੀਸਦੀ ਦੀ ਬਾਜ਼ਾਰ ’ਚ ਵਰਤੋਂ ਹੁੰਦੀ ਹੈ, ਜਦੋਂ ਕਿ 46 ਫ਼ੀਸਦੀ ਦੀ ਪੇਂਡੂ ਜਾਂ ਸਥਾਨਕ ਪੱਧਰ ’ਤੇ ਵਰਤੋਂ ਹੁੰਦੀ ਹੈ। ਕਾਰੋਬਾਰ ਵਾਲੇ ਦੁੱਧ ’ਚ ਸੰਗਠਿਤ ਖੇਤਰ ਦਾ ਹਿੱਸਾ 36 ਫ਼ੀਸਦੀ ਹੈ, ਜਿਸ ’ਚ ਸਹਿਕਾਰੀ ਖੇਤਰ ਦੀ ਹਿੱਸੇਦਾਰੀ ਵਧਾਉਣ ਦੀ ਜ਼ਰੂਰਤ ਹੈ। ਪਿਛਲੇ 2 ਸਾਲਾਂ ਦੌਰਾਨ ਸਹਿਕਾਰੀ ਖੇਤਰ ’ਚ ਦੁੱਧ ਦੀ ਖਰੀਦ 9 ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ।

ਪਸ਼ੂ-ਪਾਲਣ ਅਤੇ ਡੇਅਰੀ ਵਿਭਾਗ ਪਸ਼ੂਆਂ ’ਚ ਜਿਨੈਟਿਕ ਸੁਧਾਰਾਂ ਦੇ ਮਾਧਿਅਮ ਨਾਲ ਦੁੱਧ ਉਤਪਾਦਨ ਵਧਾਉਣ ਅਤੇ ਲਾਗਤ ਖਰਚੇ ਘਟਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਿਹਾ ਹੈ। ਹਾਲ ਹੀ ’ਚ ਪਿੰਡ ਅਤੇ ਡੇਅਰੀ ਪਲਾਂਟ ਪੱਧਰ ’ਤੇ ਜਾਂਚ ਸਹੂਲਤ ਉਪਲੱਬਧ ਕਰਵਾ ਕੇ ਦੁੱਧ ਦੀ ਗੁਣਵੱਤਾ ’ਚ ਸੁਧਾਰ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਸਹਿਕਾਰੀ ਅਤੇ ਨਿੱਜੀ ਖੇਤਰ ’ਚ ਵੀ ਗੁਣਵੱਤਾਪੂਰਨ ਦੁੱਧ ਪ੍ਰੋਗਰਾਮ ਚਲਾਉਣ ਦੀ ਯੋਜਨਾ ਹੈ। ਅਜਿਹੀਆਂ ਯੋਜਨਾਵਾਂ ਦੇ ਚਲਾਏ ਜਾਣ ਨਾਲ ਡੇਅਰੀ ਖੇਤਰ ’ਚ ਨਿੱਜੀ ਨਿਵੇਸ਼ ਨੂੰ ਉਤਸ਼ਾਹ ਮਿਲੇਗਾ, ਜਿਸ ਨਾਲ ਪੇਂਡੂ ਖੇਤਰ ’ਚ ਰੋਜ਼ਗਾਰ ਮਿਲੇਗਾ ਅਤੇ ਕਮਾਈ ’ਚ ਵਾਧਾ ਹੋਵੇਗਾ।


Karan Kumar

Content Editor

Related News