ਕੋਈ ਮੋਬਾਇਲ ਕੰਪਨੀ ਨਹੀਂ ਰੱਖ ਸਕੇਗੀ ਆਧਾਰ ਡਿਟੇਲ, ਹੁਕਮ ਹੋਏ ਜਾਰੀ

Wednesday, Jun 13, 2018 - 02:00 PM (IST)

ਕੋਈ ਮੋਬਾਇਲ ਕੰਪਨੀ ਨਹੀਂ ਰੱਖ ਸਕੇਗੀ ਆਧਾਰ ਡਿਟੇਲ, ਹੁਕਮ ਹੋਏ ਜਾਰੀ

ਨਵੀਂ ਦਿੱਲੀ—  ਹੁਣ ਤੁਹਾਡੇ ਆਧਾਰ ਕਾਰਡ ਦੀ ਜਾਣਕਾਰੀ ਹੋਰ ਸੁਰੱਖਿਅਤ ਹੋਣ ਜਾ ਰਹੀ ਹੈ। ਮੋਬਾਇਲ ਫੋਨ ਕੰਪਨੀਆਂ ਹੁਣ ਤੁਹਾਡੇ ਆਧਾਰ ਨੰਬਰ ਦੀ ਜਾਣਕਾਰੀ ਨਾ ਤਾਂ ਆਪਣੇ ਕਿਸੇ ਵੀ ਸਿਸਟਮ 'ਤੇ ਡਿਸਪਲੇਅ ਕਰ ਸਕਣਗੀਆਂ ਅਤੇ ਨਾ ਹੀ ਉਸ ਨੂੰ ਆਪਣੇ ਡਾਟਾਬੇਸ 'ਚ ਰੱਖ ਸਕਣਗੀਆਂ। ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੇ ਇਹ ਹੁਕਮ ਜਾਰੀ ਕੀਤਾ ਹੈ। ਨਵਾਂ ਫੋਨ ਨੰਬਰ ਲੈਣ ਜਾਂ ਤਸਦੀਕ ਸਮੇਂ ਜੋ ਦਸਤਾਵੇਜ਼ ਕੰਮ ਆਉਂਦੇ ਹਨ ਉਨ੍ਹਾਂ 'ਚ ਆਧਾਰ ਵੀ ਇਕ ਹੈ। ਹੁਣ ਤਕ ਕੰਪਨੀਆਂ ਇਸ ਦਾ ਡਾਟਾ ਵੀ ਆਪਣੇ ਕੋਲ ਰੱਖ ਲੈਂਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਇਸ ਨਾਲ ਨਵਾਂ ਸਿਮ ਕਾਰਡ ਲੈਂਦੇ ਸਮੇਂ ਜਾਂ ਪੁਰਾਣੇ ਦੀ ਤਸਦੀਕ ਲਈ ਵਰਚੁਅਲ ਆਈ. ਡੀ. ਦੇ ਇਸਤੇਮਾਲ ਦਾ ਰਸਤਾ ਸਾਫ ਹੋ ਗਿਆ ਹੈ। ਵਰਚੁਅਲ ਆਈ. ਡੀ. ਆਧਾਰ ਦੇ ਬਦਲ ਦੇ ਤੌਰ 'ਤੇ ਕੰਮ ਕਰੇਗੀ।
ਡੀ. ਓ. ਟੀ. ਵੱਲੋਂ ਜਾਰੀ ਸਰਕੂਲਰ 'ਚ ਕਿਹਾ ਗਿਆ ਹੈ ਕਿ ਆਧਾਰ ਨੰਬਰ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਹੋਰ ਯਕੀਨੀ ਕਰਨ ਲਈ ਆਧਾਰ ਬਣਾਉਣ ਵਾਲੀ ਸੰਸਥਾ ਨੇ ਆਧਾਰ ਇਕੋਸਿਸਟਮ 'ਚ ਕੁਝ ਬਦਲਾਅ ਦਾ ਪ੍ਰਸਤਾਵ ਦਿੱਤਾ ਹੈ। ਡੀ. ਓ. ਟੀ. ਨੇ ਮੋਬਾਇਲ ਕੰਪਨੀਆਂ ਨੂੰ ਆਪਣੀ ਪ੍ਰਕਿਰਿਆ 'ਚ ਬਦਲਾਅ ਕਰਨ ਨੂੰ ਕਿਹਾ ਹੈ। ਮੋਬਾਇਲ ਕੰਪਨੀਆਂ ਨੂੰ ਆਧਾਰ ਨੰਬਰ ਅਤੇ ਵਰਚੁਅਲ ਆਈ. ਡੀ. ਦਾ ਡਾਟਾ ਆਪਣੇ ਕੋਲ ਰੱਖਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੀ ਕੇ. ਵਾਈ. ਸੀ. ਨਾਲ ਜੁੜੀ ਜਾਣਕਾਰੀ ਤਕ ਸੀਮਤ ਪਹੁੰਚ ਹੋਵੇਗੀ।

ਸ਼ੁਰੂ ਹੋਈ ਵਰਚੁਅਲ ਆਈ. ਡੀ.—
ਯੂ. ਆਈ. ਡੀ. ਏ. ਨੇ ਇਸੇ ਸਾਲ ਅਪ੍ਰੈਲ 'ਚ ਵਰਚੁਅਲ ਆਈ. ਡੀ. ਦੀ ਸੁਵਿਧਾ ਸ਼ੁਰੂ ਕੀਤੀ ਹੈ। ਇਸ ਤਹਿਤ ਆਧਾਰ ਨੰਬਰ ਦੀ ਜਗ੍ਹਾ 16 ਅੰਕਾਂ ਵਾਲਾ ਇਕ ਪਛਾਣ ਨੰਬਰ ਜਨਰੇਟ ਕੀਤਾ ਜਾ ਸਕੇਗਾ ਅਤੇ ਜਿੱਥੇ ਵੀ ਆਧਾਰ ਦੀ ਜ਼ਰੂਰਤ ਹੋਵੇਗੀ ਉੱਥੇ ਇਹੀ ਨੰਬਰ ਇਸਤੇਮਾਲ ਹੋਵੇਗਾ। ਇਹ ਨੰਬਰ ਕੋਈ ਵੀ ਵਿਅਕਤੀ ਆਪਣੇ ਮੋਬਾਇਲ ਜ਼ਰੀਏ ਜਨਰੇਟ ਕਰ ਸਕੇਗਾ। ਇਸ ਦਾ ਲਿੰਕ ਤਾਂ ਆਧਾਰ ਨਾਲ ਹੋਵੇਗਾ ਪਰ ਆਧਾਰ ਨੰਬਰ ਨਹੀਂ ਹੋਵੇਗਾ। ਡੀ. ਓ. ਟੀ. ਨੇ ਕਿਹਾ ਹੈ ਕਿ ਜਦੋਂ ਵੀ ਕਿਸੇ ਗਾਹਕ ਦੀ ਤਸਦੀਕ ਹੋ ਰਹੀ ਹੋਵੇਗੀ ਉਦੋਂ ਵੀ ਵਰਚੁਅਲ ਆਈ. ਡੀ. 'ਤੇ ਆਧਾਰ ਨੰਬਰ ਨਹੀਂ ਦਿਸਣਾ ਚਾਹੀਦਾ। ਇਹ ਉਸੇ ਤਰ੍ਹਾਂ ਹੀ ਦਿਸਣਾ ਚਾਹੀਦਾ ਹੈ ਜਿਵੇਂ ਕਿ ਪਾਸਵਰਡ ਦਿਸਦਾ ਹੈ ਯਾਨੀ ਕਿ ਜਿਵੇਂ ਸਿਰਫ ਡਾਟ-ਡਾਟ ਹੀ ਨਜ਼ਰ ਆਉਂਦੇ ਹਨ। ਨਿਯਮਾਂ ਦੀ ਪਾਲਣਾ 'ਤੇ ਕਾਰਵਾਈ ਹੋਵੇਗੀ।


Related News