ਹੁਣ ਊਨਾ ਤੋਂ ਸਸਤੇ 'ਚ ਘੁੰਮ ਸਕੋਗੇ ਪਿੰਕ ਸਿਟੀ, ਸ਼ੁਰੂ ਹੋਣ ਵਾਲੀ ਹੈ ਸਿੱਧੀ ਰੇਲਗੱਡੀ

02/29/2020 1:04:13 PM

ਊਨਾ— ਹਿਮਾਚਲ ਤੇ ਰਾਜਸਥਾਨ ਘੁੰਮਣ ਦਾ ਸ਼ੌਂਕ ਰੱਖਣ ਵਾਲੇ ਟੂਰਿਸਟਾਂ ਲਈ ਖੁਸ਼ਖਬਰੀ ਹੈ। ਰਾਜਸਥਾਨ ਦੀ ਪਿੰਕ ਸਿਟੀ ਜੈਪੁਰ ਤੇ ਹਿਮਾਚਲ ਦੇ ਸ਼ਹਿਰ ਊਨਾ ਵਿਚਕਾਰ ਹੁਣ ਸਿੱਧੀ ਰੇਲਗੱਡੀ ਦੌੜੇਗੀ। ਊਨਾ ਸ਼ਹਿਰ ਦੇ ਦੌਲਤਪੁਰ ਚੌਕ ਅਤੇ ਜੈਪੁਰ ਵਿਚਕਾਰ ਨਵੀਂ ਰੇਲਗੱਡੀ ਸ਼ੁਰੂ ਹੋਣ ਨਾਲ ਊਨਾ ਦੀ ਬ੍ਰਾਡਗੇਜ ਰੇਲ ਲਾਈਨ 'ਤੇ ਚੱਲਣ ਵਾਲੀਆਂ ਰੇਲਗੱਡੀਆਂ ਦੀ ਗਿਣਤੀ ਵੱਧ ਕੇ 8 ਹੋ ਜਾਵੇਗੀ। ਇਹ ਰੇਲਗੱਡੀ ਚੰਡੀਗੜ੍ਹ ਤੋਂ ਹੋ ਕੇ ਲੰਘੇਗੀ।

 

ਊਨਾ ਦਾ ਜੈਪੁਰ ਸਿਟੀ ਨਾਲ ਸਿੱਧਾ ਰੇਲ ਸੰਪਰਕ ਹੋਣ ਨਾ ਸਿਰਫ ਵਪਾਰੀਆਂ ਨੂੰ ਸਗੋਂ ਦੋਹਾਂ ਸੂਬਿਆਂ ਦੇ ਸੈਲਾਨੀਆਂ ਨੂੰ ਵੀ ਵੱਡੀ ਸੁਵਿਧਾ ਹੋਵੇਗੀ। ਹਿਮਾਚਲ ਦੇ ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਇਸ ਨਵੀਂ ਰੇਲਗੱਡੀ ਦਾ ਫਾਇਦਾ ਹੋਵੇਗਾ।

ਰੇਲਗੱਡੀ ਨੰਬਰ 19717 ਹਰ ਰੋਜ਼ ਦੁਪਹਿਰ 12.15 ਵਜੇ ਦੌਲਤਪੁਰ ਚੌਕ ਪਹੁੰਚੇਗੀ ਤੇ ਉਸੇ ਦਿਨ 2 ਵੱਜ ਕੇ 5 ਮਿੰਟ 'ਤੇ ਜੈਪੁਰ ਲਈ ਰਵਾਨਾ ਹੋਵੇਗੀ। ਰੇਲਗੱਡੀ ਦੌਲਤਪੁਰ ਚੌਕ ਤੋਂ ਬਾਅਦ 'ਅੰਬ ਅੰਦੌਰਾ', ਊਨਾ ਹਿਮਾਚਲ ਰੇਲਵੇ ਸਟੇਸ਼ਨ 'ਤੇ ਰੁਕੇਗੀ। ਮੌਜੂਦਾ ਸਮੇਂ ਊਨਾ ਜ਼ਿਲਾ ਦੀ ਬ੍ਰਾਡਗੇਜ ਰੇਲ ਲਾਈਨ 'ਤੇ ਛੋਟੀ ਤੇ ਲੰਮੀ ਦੂਰੀ ਦੀਆਂ 7 ਟਰੇਨਾਂ ਦੌੜ ਰਹੀਆਂ ਹਨ। ਇਨ੍ਹਾਂ 'ਚ ਨੰਦੇੜ ਸਾਹਿਬ ਐਕਸਪ੍ਰੈੱਸ ਦੇ ਨਾਲ-ਨਾਲ ਹਰ ਰੋਜ਼ ਚੱਲਣ ਵਾਲੀ ਊਨਾ-ਦਿੱਲੀ-ਬਰੇਲੀ, ਊਨਾ-ਦਿੱਲੀ ਜਨਸ਼ਤਾਬਦੀ ਆਦਿ ਸ਼ਾਮਲ ਹਨ।


Related News