ਪੰਜਾਬ ਨੂੰ ਸੌਗਾਤ, ਕੈਨੇਡਾ-USA ਸਣੇ ਇੱਥੇ ਲਈ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ

Sunday, Oct 04, 2020 - 09:26 PM (IST)

ਚੰਡੀਗੜ੍ਹ— ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਚੰਡੀਗੜ੍ਹ ਤੋਂ ਜਲਦ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਯੂਰਪ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ। ਹਰਦੀਪ ਸਿੰਘ ਪੁਰੀ ਖੇਤੀ ਕਾਨੂੰਨਾਂ ਸਬੰਧੀ ਮੋਦੀ ਸਰਕਾਰ ਦਾ ਪੱਖ ਸਾਂਝਾ ਕਰਨ ਲਈ ਚੰਡੀਗੜ੍ਹ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਪਾਰਟੀ ਨੇਤਾਵਾਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਤੋਂ ਜਲਦ ਹੀ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਸਬੰਧੀ ਵੀ ਬਿਆਨ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਬਾਬਤ ਉਹ ਹਵਾਬਾਜ਼ੀ ਕੰਪਨੀਆਂ ਨਾਲ ਖ਼ੁਦ ਗੱਲ ਕਰਨਗੇ ਅਤੇ ਉਨ੍ਹਾਂ ਨੂੰ ਉਡਾਣਾਂ ਸ਼ੁਰੂ ਕਰਨ ਲਈ ਹੱਲਾਸ਼ੇਰੀ ਦੇਣਗੇ। ਇਸ ਲਈ ਜਲਦ ਬੈਠਕ ਕੀਤੀ ਜਾਵੇਗੀ। ਇਸ 'ਚ ਹਵਾਈ ਅੱਡਾ ਪ੍ਰਬੰਧਨ, ਪ੍ਰਸ਼ਾਸਨ ਅਤੇ ਪਾਰਟੀ ਨੇਤਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਚੰਡੀਗੜ੍ਹ ਭਾਜਪਾ ਸੂਬਾ ਪ੍ਰਧਾਨ ਅਰੁਣ ਸੂਦ ਨੇ ਦੱਸਿਆ ਕਿ ਪਿਛਲੇ ਮਹੀਨੇ ਪਾਰਟੀ ਵੱਲੋਂ ਇਕ ਵੈਬੀਨਾਰ ਕਰਾਇਆ ਗਿਆ ਸੀ, ਜਿਸ 'ਚ ਮੁੱਖ ਬੁਲਾਰੇ ਹਰਦੀਪ ਸਿੰਘ ਪੁਰੀ ਸਨ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਹੋਰ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਲਈ ਗੱਲ ਕੀਤੀ ਸੀ, ਉਦੋਂ ਉਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਇਸ ਦਿਸ਼ਾ 'ਚ ਜਲਦ ਹੀ ਬਿਹਤਰ ਯੋਜਨਾ ਤਿਆਰ ਕਰਨਗੇ। ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਦੌਰੇ ਦੌਰਾਨ ਦੋ ਯਾਤਰੀ ਬੋਰਡਿੰਗ ਬ੍ਰਿਜਾਂ ਦਾ ਉਦਘਾਟਨ ਕੀਤਾ। ਸਾਢੇ 10 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਨ੍ਹਾਂ ਪੁਲਾਂ ਦੀ ਸਹੂਲਤਾਂ ਨਾਲ ਯਾਤਰੀਆਂ ਨੂੰ ਕਾਫ਼ੀ ਸਹੂਲਤ ਹੋਣ ਜਾ ਰਹੀ ਹੈ।

ਉੱਥੇ ਹੀ, ਖੇਤੀ ਬਿੱਲਾਂ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਮਨਾਂ 'ਚ ਜੇਕਰ ਕੋਈ ਖਦਸ਼ਾ ਹੈ ਤਾਂ ਉਹ ਪ੍ਰਦਰਸ਼ਨ ਕਰਨ ਦੀ ਬਜਾਏ ਲੋਕ ਸਭਾ 'ਚ ਆਪਣੀ ਗੱਲ ਰੱਖਣ, ਜਿਸ 'ਤੇ ਵਿਚਾਰ ਕੀਤਾ ਜਾਵੇਗਾ।


Sanjeev

Content Editor

Related News