ਦਿੱਲੀ ਤੋਂ ਹੁਣ ਸਿੱਧੇ ਜਾ ਸਕੋਗੇ ਸਿੱਕਮ, ਸਪਾਈਸ ਜੈੱਟ ਨੇ ਸ਼ੁਰੂ ਕੀਤੀ ਉਡਾਣ

01/23/2021 8:56:58 PM

ਗੰਗਟੋਕ, (ਭਾਸ਼ਾ)- ਦਿੱਲੀ ਅਤੇ ਸਿੱਕਮ ਵਿਚਕਾਰ ਸਿੱਧੀ ਉਡਾਣ ਸੇਵਾ ਸ਼ਨੀਵਾਰ ਤੋਂ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਤੋਂ ਰਵਾਨਾ ਹੋਇਆ ਸਪਾਈਸ ਜੈੱਟ ਦਾ ਜਹਾਜ਼ ਸਿੱਕਮ ਦੇ ਇਕਲੌਤੇ ਵਪਾਰਕ ਪਾਕਯੋਂਗ ਹਵਾਈ ਅੱਡੇ 'ਤੇ ਉਤਰਿਆ। ਇਸ ਉਡਾਣ ਵਿਚ 57 ਯਾਤਰੀ ਸਵਾਰ ਸਨ।

ਸਿੱਕਮ ਦੇ ਉਚਾਈ ਵਾਲੇ ਖੇਤਰ ਵਿਚ ਸਥਿਤ ਹਵਾਈ ਅੱਡੇ 'ਤੇ ਵਪਾਰਕ ਉਡਾਣ ਸੇਵਾਵਾਂ ਤਕਰੀਬਨ ਡੇਢ ਸਾਲ ਪਿੱਛੋਂ ਫਿਰ ਸ਼ੁਰੂ ਹੋਈਆਂ ਹਨ।

ਨਿੱਜੀ ਖੇਤਰ ਦੀ ਏਅਰਲਾਈਨ ਨੇ ਖ਼ਰਾਬ ਮੌਸਮ ਅਤੇ ਤਕੀਨਕੀ ਦਿੱਕਤਾਂ ਦੀ ਵਜ੍ਹਾ ਨਾਲ ਜੂਨ, 2019 ਵਿਚ ਕੋਲਕਾਤਾ ਤੋਂ ਪਾਕਯੋਂਗ ਦਾ ਸੰਚਾਲਨ ਬੰਦ ਕਰ ਦਿੱਤਾ ਸੀ। ਇਸ ਹਵਾਈ ਅੱਡੇ 'ਤੇ ਵਪਾਰਕ ਉਡਾਣ ਸੇਵਾਵਾਂ ਅਕਤੂਬਰ 2018 ਵਿਚ ਸ਼ੁਰੂ ਹੋਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਪਾਈਸ ਜੈੱਟ ਦਾ ਜਹਾਜ਼ ਦੁਪਹਿਰ ਨੂੰ ਹਵਾਈ ਅੱਡੇ 'ਤੇ ਉਤਰਿਆ ਅਤੇ ਬਾਅਦ ਵਿਚ ਇਹ 12 ਯਾਤਰੀਆਂ ਨਾਲ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ 'ਤੇ ਸੂਬੇ ਦੇ ਸਿਹਤ ਮੰਤਰੀ ਐੱਮ. ਕੇ. ਸ਼ਰਮਾ, ਸੈਰ-ਸਪਾਟਾ ਵਿਭਾਗ ਅਤੇ ਭਾਰਤੀ ਹਵਾਬਾਜ਼ੀ ਅਥਾਰਟੀ ਦੇ ਉੱਚ ਅਧਿਕਾਰੀ ਹਵਾਈ ਅੱਡੇ 'ਤੇ ਮੌਜੂਦ ਸਨ। ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਤੋਂ ਪਾਕਯੋਂਗ ਲਈ ਇਹ ਪਹਿਲੀ ਵਪਾਰਕ ਉਡਾਣ ਹੈ।


Sanjeev

Content Editor

Related News