ਮਾਨਸੂਨ ਦੀ ਵਿਗੜੀ ਚਾਲ ਦਾ ਖੇਤੀ ’ਤੇ ਅਸਰ, ਵਧ ਸਕਦੀ ਹੈ ਮਹਿੰਗਾਈ

Tuesday, Jul 13, 2021 - 10:12 AM (IST)

ਮਾਨਸੂਨ ਦੀ ਵਿਗੜੀ ਚਾਲ ਦਾ ਖੇਤੀ ’ਤੇ ਅਸਰ, ਵਧ ਸਕਦੀ ਹੈ ਮਹਿੰਗਾਈ

ਜਲੰਧਰ (ਨਰੇਸ਼ ਅਰੋੜਾ) – ਮਾਨਸੂਨ ਦੇ ਦੇਸ਼ ’ਚ ਛੇਤੀ ਦਾਖਲ ਕਰਨ ਤੋਂ ਬਾਅਦ ਸੁਸਤ ਹੋਣ ਕਾਰਨ ਸਾਉਣੀ ਦੀ ਬਿਜਾਈ ਹਾਲੇ ਵੀ 10 ਫੀਸਦੀ ਪੱਛੜੀ ਹੋਈ ਹੈ। 9 ਜੁਲਾਈ ਦੇ ਅੰਕੜਿਆਂ ਮੁਤਾਬਕ ਹੁਣ ਤੱਕ 499.87 ਲੱਖ ਹੈਕਟੇਅਰ ਰਕਬੇ ’ਚ ਸਾਉਣੀ ਦੀ ਬਿਜਾਈ ਹੋਈ ਹੈ ਜਦ ਕਿ ਪਿਛਲੇ ਸਾਲ ਇਸੇ ਮਿਆਦ ’ਚ 558.11 ਲੱਖ ਹੈਕਟੇਅਰ ਰਕਬੇ ’ਚ ਸਾਉਣੀ ਦੀ ਬਿਜਾਈ ਹੋਈ ਸੀ। ਦੇਸ਼ ’ਚ ਆਮ ਤੌਰ ’ਤੇ ਸਾਉਣੀ ਦੇ ਸੀਜ਼ਨ ’ਚ 1073 ਲੱਖ ਹੈਕਟੇਅਰ ’ਚ ਬਿਜਾਈ ਹੁੰਦੀ ਹੈ ਅਤੇ ਇਸ ਲਿਹਾਜ ਨਾਲ ਹਾਲੇ ਬਿਜਾਈ ਦਾ ਕੰਮ ਕਰੀਬ 50 ਫੀਸਦੀ ਹੀ ਪੂਰਾ ਹੋਇਆ ਹੈ ਪਰ ਇਸ 50 ਫੀਸਦੀ ਬਿਜਾਈ ’ਚ ਵੀ 10 ਫੀਸਦੀ ਤੱਕ ਦੀ ਕਮੀ ਹੋਣ ਨਾਲ ਇਸ ਦਾ ਅਸਰ ਉਤਪਾਦਨ ’ਤੇ ਪੈ ਸਕਦਾ ਹੈ, ਜਿਸ ਨਾਲ ਮਹਿੰਗਾਈ ਵਧ ਸਕਦੀ ਹੈ।

ਹਾਲਾਂਕਿ ਜੇ ਬਿਜਾਈ ਦੇ ਅੰਕੜਿਆਂ ਦੀ ਤੁਲਨਾ 2 ਹਫਤੇ ਪਹਿਲਾਂ ਦੇ ਅੰਕੜਿਆਂ ਨਾਲ ਕੀਤੀ ਜਾਵੇ ਤਾਂ ਇਸ ’ਚ ਕਾਫੀ ਸੁਧਾਰ ਹੋਇਆ ਹੈ ਪਰ ਹਾਲੇ ਇਸ ’ਚ ਕਾਫੀ ਸੁਧਾਰ ਬਾਕੀ ਹੈ। 25 ਜੂਨ ਨੂੰ ਸਮਾਪਤ ਹੋਏ ਹਫਤੇ ’ਚ ਦੇਸ਼ ’ਚ ਸਾਉਣੀ ਦੀ ਬਿਜਾਈ 20 ਫੀਸਦੀ ਤੋਂ ਜ਼ਿਆਦਾ ਪੱਛੜੀ ਹੋਈ ਸੀ ਜਦ ਕਿ 2 ਜੁਲਾਈ ਨੂੰ ਸਮਾਪਤ ਹੋਏ ਹਫਤੇ ’ਚ ਬਿਜਾਈ 15 ਫੀਸਦੀ ਘੱਟ ਸੀ।

9 ਜੁਲਾਈ ਨੂੰ ਸਮਾਪਤ ਹੋਏ ਹਫਤੇ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਚੌਲਾਂ ਦੀ ਬਿਜਾਈ ’ਚ 11.26 ਲੱਖ ਹੈਕਟੇਅਰ ਦੀ ਕਮੀ ਆਈ ਹੈ ਜਦ ਕਿ ਮੋਟੇ ਅਨਾਜ ਦੀ ਬਿਜਾਈ 15.13 ਲੱਖ ਹੈਕਟੇਅਰ, ਤਿਲਹਨ ਦੀ ਬਿਜਾਈ 13.58 ਲੱਖ ਹੈਕਟੇਅਰ ਅਤੇ ਕਪਾਹ ਦੀ ਬਿਜਾਈ 18.38 ਹੈਕਟੇਅਰ ਪੱਛੜੀ ਹੋਈ ਹੈ। ਹਾਲਾਂਕਿ ਗੰਨੇ ਦੀ ਬਿਜਾਈ ਦਾ ਰਕਬਾ ਕਰੀਬ 91 ਹਜ਼ਾਰ ਹੈਕਟੇਅਰ ਵਧਿਆ ਹੈ ਜਦ ਕਿ ਦਾਲਾਾਂ ਦੀ ਬਿਜਾਈ ਦੇ ਰਕਬੇ ’ਚ ਵੀ 87 ਹਜ਼ਾਰ ਹੈਕਟੇਅਰ ਦੀ ਕਮੀ ਦਰਜ ਕੀਤੀ ਗਈ ਹੈ।

ਕਪਾਹ ਦੀ ਬਿਜਾਈ ਸੁਧਾਰ ਦੇ ਬਾਵਜੂਦ ਪੱਛੜੀ

25 ਜੂਨ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ ਸਾਉਣੀ ਦੀ ਬਿਜਾਈ 55.90 ਲੱਖ ਹੈਕਟੇਅਰ ਪੱਛੜੀ ਹੋਈ ਸੀ ਅਤੇ 25 ਜੂਨ ਦੇ ਅੰਕੜਿਆਂ ਮੁਤਾਬਕ ਕਪਾਹ ਦੀ ਬਿਜਾਈ ਦਾ ਸਭ ਤੋਂ ਬੁਰਾ ਹਾਲ ਸੀ ਅਤੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਅੰਕੜਿਆਂ ਮੁਤਾਬਕ ਕਪਾਹ ਦੀ ਬਿਜਾਈ 34.55 ਲੱਖ ਹੈਕਟੇਅਰ ਪੱਛੜੀ ਹੋਈ ਸੀ ਪਰ ਦੋ ਹਫਤਿਆਂ ਬਾਅਦ ਇਸ ’ਚ ਸੁਧਾਰ ਹੋਇਆ ਹੈ ਅਤੇ ਪਿਛਲੇ ਦੋ ਹਫਤਿਆਂ ’ਚ ਕਪਾਹ ਦੀ ਬਿਜਾਈ ਦਾ ਰਕਬਾ ਵਧ ਗਿਆ ਹੈ ਪਰ ਹਾਲੇ ਵੀ ਪਿਛਲੇ ਸਾਲ ਦੇ ਮੁਕਾਬਲੇ 18.38 ਲੱਖ ਹੈਕਟੇਅਰ ਘੱਟ ਹੈ।

ਇਹ ਵੀ ਪੜ੍ਹੋ: ਪੈਕਡ ਫੂਡ 'ਤੇ ਸਟਾਰ ਰੇਟਿੰਗ ਦੀ ਤਿਆਰੀ, ਉਪਭੋਗਤਾਵਾਂ ਨੂੰ ਨੁਕਸਾਨ ਤੇ ਕੰਪਨੀਆਂ ਨੂੰ ਹੋਵੇਗਾ ਫ਼ਾਇਦਾ

ਚੌਲਾਂ ਦੀ ਬਿਜਾਈ ’ਚ ਪੱਛੜਨਾ ਚਿੰਤਾਜਨਕ

25 ਜੂਨ ਤੱਕ ਦੇਸ਼ ਦੇ ਚੌਲਾਂ ਦੀ ਬਿਜਾਈ ਠੀਕ ਰਫਤਾਰ ਨਾਲ ਚੱਲ ਰਹੀ ਸੀ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ’ਚ 1.53 ਲੱਖ ਹੈਕਟੇਅਰ ਦਾ ਵਾਧਾ ਦਰਜ ਕੀਤਾ ਗਿਆ ਸੀ ਪਰ 9 ਜੁਲਾਈ ਨੂੰ ਸਮਾਪਤ ਹੋਏ ਹਫਤੇ ’ਚ ਚੌਲਾਂ ਦੀ ਬਿਜਾਈ 11.26 ਲੱਖ ਹੈਕਟੇਅਰ ਪੱਛੜ ਗਈ ਹੈ ਅਤੇ ਅਜਿਹਾ ਚੌਲਾਂ ਦੀ ਬਿਜਾਈ ’ਚ ਮਾਨਸੂਨ ਦੇ ਰਫਤਾਰ ਨਾ ਫੜ੍ਹਨ ਕਾਰਨ ਹੋਇਆ ਹੈ। ਦੇਸ਼ ਦੀ ਜ਼ਿਆਦਾਤਰ ਆਬਾਦੀ ਚੌਲਾਂ ਨੂੰ ਪ੍ਰਮੁੱਖ ਭੋਜਨ ਦੇ ਤੌਰ ’ਤੇ ਇਸਤੇਮਾਲ ਕਰਦੀ ਹੈ ਅਤੇ ਸਰਕਾਰ ਦੇਸ਼ ਦੇ 80 ਕਰੋੜ ਲੋਕਾਂ ਨੂੰ ਜੋ ਸਸਤਾ ਭੋਜਨ ਮੁਹੱਈਆ ਕਰਵਾਉਂਦੀ ਹੈ, ਉਸ ’ਚ ਵੱਡੀ ਮਾਤਰਾ ’ਚ ਚੌਲ ਦਿੱਤੇ ਜਾਂਦੇ ਹਨ ਅਤੇ ਦੇਸ਼ ’ਚ ਚੌਲਾਂ ਦੀ ਬਿਜਾਈ ਪੱਛੜਨ ਕਾਰਨ ਚੌਲਾਂ ਦੇ ਉਤਪਾਦਨ ’ਤੇ ਇਸ ਦਾ ਅਸਰ ਹੁੰਦਾ ਹੈ। ਤਪੋ ਦੇਸ਼ ’ਚ ਚੌਲਾਂ ਦੇ ਬਫਰ ਸਟਾਕ ’ਤੇ ਇਸ ਦਾ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ: ‘IPO ਤੋਂ ਪਹਿਲਾਂ Paytm ’ਚ ਉਥਲ-ਪੁਥਲ, ਪ੍ਰੈਜੀਡੈਂਟ ਅਮਿਤ ਨਈਅਰ ਸਮੇਤ ਕਈ ਅਧਿਕਾਰੀਆਂ ਦਾ ਅਸਤੀਫਾ’

ਤਿਲਹਨ ਦੀ ਬਿਜਾਈ ਪੱਛੜਨ ਕਾਰਨ ਮਹਿੰਗੇ ਹੋ ਸਕਦੇ ਹਨ ਖਾਣ ਵਾਲੇ ਤੇਲ

25 ਜੂਨ ਨੂੰ ਸਮਾਪਤ ਹੋਏ ਹਫਤੇ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਤਿਲਹਨ ਦੀ ਬਿਜਾਈ 13.01 ਲੱਖ ਹੈਕਟੇਅਰ ਪੱਛੜੀ ਹੋਈ ਸੀ ਜੋ 9 ਜੁਲਾਈ ਨੂੰ ਸਮਾਪਤ ਹੋਏ ਹਫਤੇ ’ਚ ਵਧ ਕੇ 13.58 ਲੱਖ ਹੈਕਟੇਅਰ ਤੱਕ ਪੱਛੜ ਗਈ ਹੈ। ਦੇਸ਼ ਦੀ ਕੁੱਲ ਖਾਣ ਵਾਲੇ ਤੇਲਾਂ ਦੀ ਖਪਤ ਦਾ ਕਰੀਬ 56 ਫੀਸਦੀ ਦਰਾਮਦ ਹੁੰਦਾ ਹੈ। ਅਜਿਹੇ ’ਚ ਦੇਸ਼ ’ਚ ਵੀ ਜੇ ਘੱਟ ਬਿਜਾਈ ਨਾਲ ਤਿਲਹਨ ਦੇ ਉਤਪਾਦਨ ’ਤੇ ਅਸਰ ਹੋਇਆ ਤਾਂ ਖਾਣ ਵਾਲੇ ਤੇਲ ਮਹਿੰਗੇ ਹੋ ਸਕਦੇ ਹਨ ਅਤੇ ਇਸ ਦਾ ਅਸਰ ਆਉਣ ਵਾਲੇ ਤਿਓਹਾਰੀ ਸੀਜ਼ਨ ’ਤੇ ਪੈ ਸਕਦਾ ਹੈ।

ਫਸਲ        ਪਿਛਲੇ ਸਾਲ ਬਿਜਾਈ         ਇਸ ਸਾਲ ਬਿਜਾਈ             ਕਮੀ

ਚੌਲ              126.08                        114.82                    11.26

ਦਾਲਾਂ              53.35                          52.49                   -0.87

ਮੋਟਾ ਅਨਾਜ       88.21                        73.07                   15.13

ਤਿਲਹਨ          126.13                     112.55                   13.58

ਕਪਾਹ             104.83                       86.45                   18.38

ਸ੍ਰੋਤ : ਖੇਤੀਬਾੜੀ ਮੰਤਰਾਲਾ, ਬਿਜਾਈ ਦੇ ਅੰਕੜੇ ਲੱਖ ਹੈਕਟੇਅਰ ’ਚ

ਇਹ ਵੀ ਪੜ੍ਹੋ: ‘ਕੋਰੋਨਾ ਕੇਸਾਂ ’ਚ ਆਈ ਗਿਰਾਵਟ ਤਾਂ ਮੰਦਾ ਪੈ ਗਿਆ ਦਵਾਈ ਦਾ ਕਾਰੋਬਾਰ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News