ਗਲੋਬਲ ਆਰਥਿਕ ਸੰਕਟ ਕਾਰਨ ਘਟੀ ਹੀਰਿਆਂ ਦੀ ਮੰਗ, ਕੀਮਤਾਂ ਵਧਾਉਣ ਲਈ ਕੰਪਨੀਆਂ ਨੇ ਸਪਲਾਈ ’ਤੇ ਲਾਈ ਰੋਕ
Wednesday, Nov 15, 2023 - 02:55 PM (IST)
ਨਵੀਂ ਦਿੱਲੀ (ਇੰਟ.)– ਹੀਰਿਆਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੇ ਇੰਟਰਨੈਸ਼ਨਲ ਮਾਰਕੀਟ ’ਚ ਕੀਮਤਾਂ ’ਚ ਗਿਰਾਵਟ ਕਾਰਨ ਸਪਲਾਈ ’ਤੇ ਰੋਕ ਲਾ ਦਿੱਤੀ ਹੈ। ਦੁਨੀਆ ’ਚ ਹੀਰੇ ਉਤਪਾਦਨ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਡੀ-ਬੀਅਰਸ ਨੇ ਕੱਚੇ ਹੀਰੇ ਦੀਆਂ ਕੀਮਤਾਂ ’ਚ 35 ਫ਼ੀਸਦੀ ਅਤੇ ਪਾਲਿਸ਼ਡ ਹੀਰਿਆਂ ਦੀਆਂ ਕੀਮਤਾਂ ’ਚ 20 ਫ਼ੀਸਦੀ ਦੀ ਕਮੀ ਤੋਂ ਬਾਅਦ ਸਪਲਾਈ ’ਤੇ ਰੋਕ ਲਾਈ, ਜਿਸ ਨਾਲ ਕੀਮਤਾਂ ’ਚ ਤੇਜ਼ੀ ਲਿਆਂਦੀ ਜਾ ਸਕੇ। ਰੂਸ ਦੀ ਦਿੱਗਜ਼ ਡਾਇਮੰਡ ਕੰਪਨੀ ਅਲਰੋਸਾ ਨੇ ਵੀ ਹੀਰਿਆਂ ਦੀ ਵਿਕਰੀ ਨੂੰ ਰੋਕ ਰੱਖਿਆ ਹੈ।
ਹੀਰਿਆਂ ਦੀਆਂ ਕੀਮਤਾਂ ’ਚ ਗਿਰਾਵਟ ਦੇ ਕਾਰਨਾਂ ’ਤੇ ਨਜ਼ਰ ਮਾਰੀਏ ਤਾਂ ਇਸ ਨਾਲ ਜੁੜੇ ਖੇਤਰਾਂ ’ਚ ਸਲੋਡਾਊਨ ਦੇਖਿਆ ਜਾ ਰਿਹਾ ਹੈ। ਹੀਰੇ ਦੇ ਗਹਿਣਿਆਂ ਦੀ ਬਾਜ਼ਾਰ ’ਚ ਮੰਗ ਘੱਟ ਹੋਈ ਹੈ। ਇਸ ਕਾਰਨ ਹੀਰਿਆਂ ਦੀਆਂ ਕੀਮਤਾਂ ਇਕ ਸਾਲ ਦੇ ਹੇਠਲੇ ਪੱਧਰ ’ਤੇ ਆ ਚੁੱਕੀਆਂ ਹਨ। ਪਹਿਲਾਂ ਦੇ ਮੁਕਾਬਲੇ ਲੋਕ ਹੀਰਿਆਂ ਤੋਂ ਬਣੇ ਗਹਿਣਿਆਂ ਨੂੰ ਘੱਟ ਤਵੱਜ਼ੋ ਦੇ ਰਹੇ ਹਨ। ਇਸ ਮਹਿੰਗੀ ਲਗਜ਼ਰੀ ਆਈਟਮ ਦੀ ਖਰੀਦਦਾਰੀ ਦੀ ਥਾਂ ਲੋਕ ਟਰੈਵਲ ’ਤੇ ਵਧੇਰੇ ਖਰਚ ਕਰ ਰਹੇ ਹਨ। ਚੀਨ ’ਚ ਹੀਰਿਆਂ ਦੀ ਵੱਡੀ ਖਪਤ ਹੁੰਦੀ ਹੈ ਪਰ ਮਹਾਮਾਰੀ ਤੋਂ ਬਾਅਦ ਚੀਨੀ ਅਰਥਵਿਵਸਥਾ ਦੀ ਕਮਜ਼ੋਰ ਰਿਕਵਰੀ ਕਾਰਨ ਉੱਥੇ ਮੰਗ ਬਹੁਤ ਘਟ ਗਈ ਹੈ। ਅਮਰੀਕਾ ’ਚ ਵੀ ਮਹਿੰਗਾਈ ਅਤੇ ਮਹਿੰਗੇ ਕਰਜ਼ੇ ਕਾਰਨ ਲੋਕ ਹੀਰਿਆਂ ਦੀ ਖਰੀਦਦਾਰੀ ਘੱਟ ਕਰ ਰਹੇ ਹਨ।
ਇਨ੍ਹਾਂ ਕਾਰਨਾਂ ਕਰ ਕੇ ਘਟੀਆਂ ਕੀਮਤਾਂ
ਇਹੀ ਕਾਰਨ ਹੈ ਕਿ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੇ ਹੀਰਿਆਂ ਦੀ ਸਪਲਾਈ ’ਤੇ ਰੋਕ ਲਾਈ ਹੋਈ ਹੈ। ਸਪਲਾਈ ’ਚ ਕਮੀ ਦੇ ਬਾਵਜੂਦ ਕੰਪਨੀਆਂ 2023 ਦੇ ਪ੍ਰੋਡਕਸ਼ਨ ਟਾਰਗੈੱਟ ਨੂੰ ਪੂਰਾ ਕਰਨਗੀਆਂ। ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਕਮਜ਼ੋਰ ਮੰਗ ਕਾਰਨ ਹੀਰਿਆਂ ਦੀ ਸਪਲਾਈ ਘਟਾ ਦਿੱਤੀ ਹੈ। ਇਕ ਸਾਲ ਪਹਿਲਾਂ ਦੇ ਮੁਕਾਬਲੇ ਹੀਰਿਆਂ ਦੀ ਮੰਗ ’ਚ 82 ਫ਼ੀਸਦੀ ਦੀ ਕਮੀ ਆਈ ਹੈ। ਗਲੋਬਲ ਆਰਥਿਕ ਚੁਣੌਤੀਆਂ ਅਤੇ ਹਾਲਾਤ ਕਾਰਨ ਲਗਜ਼ਰੀ ਆਈਟਮਸ ਦੀ ਮੰਗ ਪ੍ਰਭਾਵਿਤ ਹੋਈ ਹੈ। ਡਾਇਮੰਡ ਕੰਪਨੀਆਂ ਹੀਰੇ ਦੀਆਂ ਕੀਮਤਾਂ ’ਚ ਉਛਾਲ ਨਾਲ ਮੰਗ ’ਚ ਤੇਜ਼ੀ ਦੇਖਣਾ ਚਾਹੁੰਦੀਆਂ ਹਨ। ਹਾਲਾਂਕਿ ਲਾਂਗ-ਟਰਮ ਆਊਟਲੁੱਕ ਮੰਗ ਵਧਣ ਨੂੰ ਲੈ ਕੇ ਸ਼ਾਨਦਾਰ ਰਹਿਣ ਵਾਲਾ ਹੈ।
ਭਾਰਤ ’ਚ ਵੀ ਹੀਰਿਆਂ ਦੇ ਵਪਾਰੀਆਂ ਨੇ ਹੀਰਿਆਂ ਦੀ ਕੀਮਤਾਂ ’ਚ ਕਮੀ ਤੋਂ ਬਾਅਦ ਦਰਾਮਦ ’ਤੇ ਦੋ ਮਹੀਨੇ ਤੱਕ ਲਈ ਰੋਕ ਲਾ ਦਿੱਤੀ ਹੈ। ਭਾਰਤ ’ਚ ਦੁਨੀਆ ਦੀ 90 ਫ਼ੀਸਦੀ ਕੱਚੇ ਹੀਰੇ ਦੀ ਕਟਿੰਗ ਅਤੇ ਪਾਲਿਸ਼ ਕੀਤੀ ਜਾਂਦੀ ਹੈ। ਉੱਥੇ ਹੀ ਹੀਰੇ ਦੇ ਸਭ ਤੋਂ ਵੱਡੇ ਉਤਪਾਦਕ ਨੇ ਨਵੰਬਰ ਅਤੇ ਦਸੰਬਰ ਲਈ ਹੀਰੇ ਦੀ ਨੀਲਾਮੀ ’ਤੇ ਰੋਕ ਲਾ ਦਿੱਤੀ ਹੈ। ਰੂਸ ਵਾਲਿਊਮ ਦੇ ਲਿਹਾਜ ਨਾਲ ਹੀਰੇ ਦਾ ਦੁਨੀਆ ’ਚ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਉੱਥੇ ਹੀ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੀ-7 ਦੇਸ਼ ਰੂਸ ਦੇ ਹੀਰਿਆਂ ਦੀ ਸਪਲਾਈ ’ਤੇ ਨਕੇਲ ਕੱਸਣ ਲਈ ਉੱਥੋਂ ਹੀਰਿਆਂ ਦੀ ਦਰਾਮਦ ’ਤੇ ਪਾਬੰਦੀ ਲਾ ਸਕਦੇ ਹਨ।