ਡਰੋਨ ਨਾਲ ਫੂਡ ਤੇ ਮੈਡੀਕਲ ਡਲਿਵਰੀ ਨੂੰ ਜਲਦ ਮਨਜ਼ੂਰੀ ਮਿਲਣ ਦੀ ਸੰਭਾਵਨਾ!
Tuesday, Oct 08, 2019 - 10:11 AM (IST)

ਨਵੀਂ ਦਿੱਲੀ— ਜਲਦ ਹੀ ਡਰੋਨ ਨਾਲ ਫੂਡ ਅਤੇ ਦਵਾਈਆਂ ਦੀ ਡਲਿਵਰੀ ਹਕੀਕਤ ਬਣ ਸਕਦੀ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਵਪਾਰਕ ਉਦੇਸ਼ਾਂ ਲਈ ਡਰੋਨ ਨੂੰ ਹਰੀ ਝੰਡੀ ਦੇਣ ਬਾਰੇ ਇਕ ਛੋਟਾ ਪਰ ਮਹੱਤਵਪੂਰਨ ਅਗਲਾ ਕਦਮ ਚੁੱਕਿਆ ਹੈ।
ਡੀ. ਜੀ. ਸੀ. ਏ. ਨੇ ਉਨ੍ਹਾਂ ਸੱਤ ਕੰਪਨੀਆਂ ਤੋਂ ਵਿਸਥਾਰ ਜਾਣਕਾਰੀ ਮੰਗੀ ਹੈ ਜਿਨ੍ਹਾਂ ਨੇ ਲੰਬੀ ਦੂਰੀ ਲਈ ਡਰੋਨ ਦਾ ਪ੍ਰਯੋਗ ਕਰਨ ਲਈ ਅਰਜ਼ੀ ਦਿੱਤੀ ਹੋਈ ਸੀ। ਇਨ੍ਹਾਂ ਕੰਪਨੀਆਂ 'ਚ ਫੂਡ ਡਲਿਵਰੀ ਸਵਿੱਗੀ, ਜ਼ੋਮੈਟੋ, ਡਨਜ਼ੋ ਅਤੇ ਮੈਡੀਕਲ ਡਲਿਵਰੀ ਪ੍ਰਦਾਤਾ ਜ਼ਿਪਲਾਈਨ, ਰੈੱਡਵਿੰਗ ਅਤੇ ਇਨ੍ਹਾਂ ਤੋਂ ਇਲਾਵਾ ਟਾਟਾ ਐਡਵਾਂਸ ਸਿਸਟਮਸ ਤੇ ਹਨੀਵੈੱਲ ਸ਼ਾਮਲ ਹਨ। ਇਸ ਤੋਂ ਇਲਾਵਾ ਹਵਾਬਾਜ਼ੀ ਅਥਾਰਟੀ ਨੇ 27 ਬਿਨੈਕਾਰਾਂ ਦੀ ਅਰਜ਼ੀ ਰੱਦ ਕੀਤੀ ਹੈ।
ਜ਼ਿਪਲਾਈਨ, ਰੈੱਡਵਿੰਗ ਸਮੇਤ ਸੱਤ ਕੰਪਨੀਆਂ ਡੀ. ਜੀ. ਸੀ. ਏ. ਦੀ ਮਨਜ਼ੂਰੀ ਦੀ ਉਡੀਕ 'ਚ ਹਨ। ਜ਼ਿਪਲਾਈਨ, ਰੈੱਡਵਿੰਗ ਦੋਹਾਂ ਨੇ ਕ੍ਰਮਵਾਰ ਉਤਰਾਖੰਡ ਤੇ ਮਹਾਰਾਸ਼ਟਰ ਸਰਕਾਰ ਨਾਲ ਸਾਂਝੇਦਾਰੀ ਕੀਤੀ ਹੈ। ਇਨ੍ਹਾਂ ਦੇ ਦੂਜੇ ਟੈਕਨੀਕਲ ਪਾਰਟਨਰ ਵੀ ਹਨ। ਇਨ੍ਹਾਂ ਦਾ ਫੋਕਸ ਪ੍ਰਮੁੱਖ ਤੌਰ 'ਤੇ ਮੈਟਰੋ ਸ਼ਹਿਰਾਂ ਤੋਂ ਬਾਹਰ ਸੰਚਾਲਨ ਦਾ ਹੈ। ਫਿਲਹਾਲ ਪ੍ਰਯੋਗ ਦੇ ਤੌਰ 'ਤੇ ਡਰੋਨ ਦਾ ਇਸਤੇਮਾਲ ਕਰਨ ਲਈ ਇਨ੍ਹਾਂ ਨੂੰ ਮਨਜ਼ੂਰੀ ਦੀ ਉਡੀਕ ਹੈ। ਇਸ ਵਿਚਕਾਰ ਉਮੀਦ ਜਤਾਈ ਜਾ ਰਹੀ ਹੈ ਕਿ ਪ੍ਰਯੋਗ ਲਈ ਮਹੀਨੇ ਭਰ 'ਚ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਡਿਜੀਟਲ ਸਕਾਈ ਪਾਲਿਸੀ 'ਚ ਮੈਟਰੋਪੋਲੀਟਨ ਖੇਤਰ 'ਨੋ ਫਲਾਈ ਜ਼ੋਨ' 'ਚ ਹੋਣ ਕਾਰਨ ਸਵਿੱਗੀ, ਜ਼ੋਮੈਟੋ ਅਤੇ ਡਨਜ਼ੋ ਨੂੰ ਕਸਟਮਰ ਦੇ ਘਰ ਡਲਿਵਰੀ ਕੀਤੇ ਬਿਨਾਂ ਪ੍ਰਯੋਗ ਕਰਨਾ ਹੋਵੇਗਾ। ਉੱਥੇ ਹੀ, ਰੈਗੂਲੇਟਰੀ ਮਨਜ਼ੂਰੀਆਂ 'ਚ ਲੱਗ ਰਹੇ ਸਮੇਂ ਕਾਰਨ ਕੰਪਨੀਆਂ ਨੂੰ ਜਨਵਰੀ ਜਾਂ ਫਰਵਰੀ 'ਚ ਪਹਿਲੀ ਡਰੋਨ ਉਡਾਣ ਸ਼ੁਰੂ ਹੋਣ ਦੀ ਸੰਭਾਵਨਾ ਲੱਗ ਰਹੀ ਹੈ।