ਵਾਲਮਾਰਟ-ਫਲਿੱਪਕਾਰਟ ਦੀ ਡੀਲ ਖਿਲਾਫ ਹੜਤਾਲ ਦੀ ਤਿਆਰੀ 'ਚ ਵਪਾਰੀ
Tuesday, Jun 12, 2018 - 12:47 PM (IST)

ਨਵੀਂ ਦਿੱਲੀ — ਪ੍ਰਚੂਨ ਕਾਰੋਬਾਰੀਆਂ ਦੀ ਸੰਸਥਾ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼(ਕੈਟ) ਨੇ ਵਾਲਮਾਰਟ-ਫਲਿੱਪਕਾਰਟ ਸੌਦੇ ਨੂੰ ਮਨਜ਼ੂਰੀ ਦੇਣ 'ਤੇ ਦੇਸ਼ ਵਿਆਪੀ ਹੜਤਾਲ ਦੀ ਚਿਤਾਵਨੀ ਦਿੱਤੀ ਹੈ। ਕੈਟ ਨੇ ਬਿਆਨ ਵਿਚ ਕਿਹਾ,' ਅਸੀਂ ਪਿਛਲੇ ਪੰਜ ਸਾਲਾਂ ਤੋਂ ਈ-ਕਾਮਰਸ ਖੇਤਰ ਵਿਚ ਸੁਧਾਰ ਲਿਆਉਣ ਲਈ ਸਰਕਾਰ ਦਾ ਦਰਵਾਜ਼ਾ ਖੜਕਾ ਰਹੇ ਹਾਂ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਦੂਸਰੇ ਪਾਸੇ ਵਾਲਮਾਰਟ ਨੂੰ ਫਲਿੱਪਕਾਰਟ ਖਰੀਦ ਕੇ ਅਸਿੱਧੇ ਤਰੀਕੇ ਨਾਲ ਪ੍ਰਚੂਨ ਵਪਾਰ 'ਚ ਦਖਲ-ਅੰਦਾਜ਼ੀ ਵਧਾਉਣ ਦਾ ਮੌਕਾ ਮਿਲ ਗਿਆ ਹੈ।'
ਪਿਛਲੇ ਮਹੀਨੇ ਹੋਈ ਡੀਲ
ਕੈਟ ਨੇ ਕਿਹਾ ਕਿ ਇਸ ਸੌਦੇ ਨਾਲ ਈ-ਕਾਮਰਸ ਖੇਤਰ ਵਿਚ ਗਲਤ ਦਿਸ਼ਾ ਵੱਲ ਕਈ ਗੁਣਾ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਅਮਰੀਕੀ ਕੰਪਨੀ ਵਾਲਮਾਰਟ ਇੰਕ ਨੇ ਫਲਿੱਪਕਾਰਟ ਦੀ 77 ਫੀਸਦੀ ਹਿੱਸੇਦਾਰੀ ਕਰੀਬ 16 ਅਰਬ ਡਾਲਰ ਵਿਚ ਖਰੀਦਣ ਦੀ ਘੋਸ਼ਣਾ ਕੀਤੀ ਸੀ।
ਭਾਰਤੀ ਵਪਾਰ 'ਤੇ ਪਵੇਗਾ ਇਸ ਦਾ ਨਕਾਰਾਤਮਕ ਅਸਰ
ਵਾਲਮਾਰਟ-ਫਲਿੱਪਕਾਰਟ ਡੀਲ ਦਾ ਵਿਰੋਧ ਕਰ ਰਹੇ ਵਪਾਰੀਆਂ ਅਤੇ ਛੋਟੇ ਕਾਰੋਬਾਰੀਆਂ ਨੇ ਆਉਣ ਵਾਲੇ ਹਫਤਿਆਂ ਵਿਚ ਦੇਸ਼ ਵਿਆਪੀ ਹੜਤਾਲ ਦੀ ਚਿਤਾਵਨੀ ਦਿੱਤੀ ਹੈ। ਛੋਟੇ ਅਤੇ ਮੱਧਮ ਵਰਗ ਦੇ ਕਾਰੋਬਾਰੀਆਂ ਨੂੰ ਡਰ ਹੈ ਕਿ ਵਾਲਮਾਰਟ ਦੀ ਭਾਰਤ ਵਿਚ ਮੌਜੂਦਗੀ ਉਨ੍ਹਾਂ ਦੀ ਕਮਾਈ ਨੂੰ ਘਟਾ ਦੇਵੇਗੀ। ਅਮਰੀਕਾ ਦੀ ਇਸ ਰਿਟੇਲ ਕੰਪਨੀ ਨੇ ਉਪਭੋਗਤਾਵਾਂ ਨੂੰ ਘੱਟ ਕੀਮਤ 'ਤੇ ਸਮਾਨ ਵੇਚ ਕੇ ਬਿਜ਼ਨਸ ਮਾਰਜਨ ਨੂੰ ਬਹੁਤ ਹੀ ਘੱਟ ਕਰ ਦਿੱਤਾ ਹੈ।