ਵਿਸ਼ਵ ਦੀ ਮੋਹਰੀ ਹੀਰਾ ਕੰਪਨੀ ਨੇ ਕੀਮਤਾਂ 'ਚ ਕੀਤੀ 10 ਫੀਸਦੀ ਕਟੌਤੀ
Tuesday, Aug 25, 2020 - 07:32 PM (IST)

ਲੰਡਨ— ਕੋਰੋਨਾ ਮਹਾਮਾਰੀ ਕਾਰਨ ਮੰਦੀ ਦਾ ਸਾਹਮਣਾ ਕਰ ਰਹੀ ਵਿਸ਼ਵ ਦੀ ਮੋਹਰੀ ਹੀਰਾ ਕੰਪਨੀ 'ਡੀ ਬੀਅਰਜ਼' ਨੂੰ ਆਖ਼ਕਾਰ ਕੀਮਤਾਂ 'ਚ ਭਾਰੀ ਕਟੌਤੀ ਦਾ ਕਰਨੀ ਪਈ ਹੈ, ਤਾਂ ਜੋ ਵਿਕਰੀ ਵੱਧ ਸਕੇ।
'ਡੀ ਬੀਅਰਜ਼' ਨੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਇਸ ਹਫਤੇ ਤੋਂ ਸ਼ੁਰੂ ਹੋਣ ਵਾਲੀ ਆਪਣੀ ਵਿਕਰੀ ਦੌਰਾਨ ਕੀਮਤਾਂ 'ਚ ਲਗਭਗ 10 ਫੀਸਦੀ ਕਟੌਤੀ ਕਰਨ ਜਾ ਰਹੀ ਹੈ। 'ਡੀ ਬੀਅਰਜ਼' ਗਰੁੱਪ ਫੌਰਏਵਰ ਅਤੇ ਡੀ ਬੀਅਰਜ਼ ਜਿਊਲਰਜ਼ ਬਰਾਂਡ ਜ਼ਰੀਏ ਪਾਲਿਸ਼ ਹੀਰੇ ਅਤੇ ਗਹਿਣੇ ਵੇਚਦਾ ਹੈ।
ਪਹਿਲਾਂ ਐਂਗਲੋ ਅਮੈਰੀਕਨ ਪੀ. ਐੱਲ. ਸੀ. ਯੂਨਿਟ ਅਤੇ ਉਸ ਦੀ ਮੁਕਾਬਲੇਬਾਜ਼ ਰੂਸ ਦੀ ਐਲਰੋਸਾ ਪੀ. ਜੇ. ਐੱਸ. ਸੀ. ਕੀਮਤਾਂ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ। ਹਾਲਾਂਕਿ, ਗਹਿਣੇ ਦੇ ਸਟੋਰ ਬੰਦ ਹੋਣ ਦੇ ਨਾਲ ਕਟਿੰਗ ਅਤੇ ਪਾਲਿਸ਼ਿੰਗ ਦਾ ਕੰਮ ਦੇਖਣ ਵਾਲੇ ਕਾਮਿਆਂ ਦੀ ਘਾਟ ਅਤੇ ਵਿਸ਼ਵ ਭਰ 'ਚ ਯਾਤਰਾ ਰੁਕਣ ਨਾਲ ਹੀਰਾ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਦੂਜੀ ਤਿਮਾਹੀ 'ਚ ਡੀ ਬੀਅਰਜ਼ ਤੇ ਐਲਰੋਸ ਦੀ ਵਿਕਰੀ ਸੰਯੁਕਤ ਤੌਰ 'ਤੇ 130 ਮਿਲੀਅਨ ਡਾਲਰ ਰਹੀ ਹੈ, ਜੋ ਇਕ ਸਾਲ ਪਹਿਲਾਂ ਇਸੇ ਦੌਰਾਨ 2.1 ਬਿਲੀਅਨ ਡਾਲਰ ਸੀ। ਹੀਰਾ ਉਦਯੋਗ ਮੰਗ 'ਚ ਕਮੀ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ, ਚੀਨ 'ਚ ਮੰਗ ਸੁਧਰ ਗਈ ਹੈ ਪਰ ਸੰਯੁਕਤ ਰਾਜ ਅਮਰੀਕਾ ਇਸ ਦਾ ਸਭ ਤੋਂ ਅਹਿਮ ਬਾਜ਼ਾਰ ਹੈ, ਜੋ ਕੁੱਲ ਵਿਕਰੀ ਦੀ ਲਗਭਗ ਅੱਧੀ ਹਿੱਸੇਦਾਰੀ ਰੱਖਦਾ ਹੈ।