5 ਸਾਲ 'ਚ ਡਾਟਾ ਦੀ ਕੀਮਤ 95 ਫੀਸਦੀ ਘਟੀ, ਆਮਦਨ ਵਧੀ
Thursday, Aug 22, 2019 - 09:31 AM (IST)

ਨਵੀਂ ਦਿੱਲੀ—ਦੇਸ਼ 'ਚ ਮੋਬਾਇਲ ਡਾਟਾ ਦੀ ਕੀਮਤ ਪਿਛਲੇ ਪੰਜ ਸਾਲਾਂ ਦੌਰਾਨ 95 ਫੀਸਦੀ ਘਟ ਕੇ 11.78 ਰੁਪਏ ਪ੍ਰਤੀ ਗੀਗਾਬਾਈਟ (ਜੀ.ਬੀ.) 'ਤੇ ਆ ਗਈ ਹੈ। ਹਾਲਾਂਕਿ ਇਸ ਦੌਰਾਨ ਡਾਟਾ ਦਾ ਦੂਰਸੰਚਾਰ ਆਪਰੇਟਰਾਂ ਦੀ ਕੁੱਲ ਆਮਦਨ ਢਾਈ ਗੁਣਾ ਵਧ ਕੇ 54,671 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੀ ਇਕ ਰਿਪੋਰਟ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।
ਰਿਪੋਰਟ ਮੁਤਾਬਕ ਇਸ ਦੌਰਾਨ ਦੇਸ਼ 'ਚ ਡਾਟਾ ਉਪਭੋਗ 56 ਗੁਣਾ ਵਧ ਕੇ 2018 'ਚ 4,640.4 ਕਰੋੜ ਜੀ.ਬੀ. 'ਤੇ ਪਹੁੰਚ ਗਿਆ ਜੋ 2014 'ਚ 82.8 ਕਰੋੜ ਜੀ.ਬੀ. ਸੀ। ਇਸ ਤਰ੍ਹਾਂ ਪ੍ਰਤੀ ਉਪਭੋਗਤਾ ਔਸਤ ਡਾਟਾ ਔਸਤ ਖਪਤ ਕਈ ਗੁਣਾ ਵਧ ਕੇ 7.6 ਜੀ.ਬੀ. 'ਤੇ ਪਹੁੰਚ ਗਈ, ਜੋ 2014 'ਚ 0.27 ਜੀ.ਬੀ. ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪੱਛਮੀ ਬੰਗਾਲ, ਉੱਤਰ ਪ੍ਰਦੇਸ਼ (ਪੱਛਮ) ਅਤੇ ਅਸਮ ਸੇਵਾ ਖੇਤਰਾਂ 'ਚ 2018 'ਚ ਔਸਤ ਵਾਇਰਲੈੱਸ ਡਾਟਾ ਵਰਤੋਂ 'ਚ 100 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਜਦੋਂਕਿ ਹੋਰ ਸੇਵਾ ਖੇਤਰਾਂ 'ਚ ਇਹ ਵਾਧਾ 50 ਫੀਸਦੀ ਤੋਂ ਜ਼ਿਆਦਾ ਰਿਹਾ।
ਰਿਪੋਰਟ ਮੁਤਾਬਕ 2017 'ਚ ਡਾਟਾ ਦੀ ਖਪਤ 2,009.2 ਕਰੋੜ ਜੀ.ਬੀ. ਸੀ, ਜੋ 2018 'ਚ 131 ਫੀਸਦੀ ਵਧ ਕੇ 4,640.4 ਕਰੋੜ ਰੁਪਏ ਜੀ.ਬੀ. 'ਤੇ ਪਹੁੰਚ ਗਈ ਹੈ। ਕੁੱਲ ਡਾਟਾ ਵਰਤੋਂ 'ਚ 4ਜੀ ਤਕਨਾਲੋਜੀ ਦਾ ਹਿੱਸਾ 86.85 ਫੀਸਦੀ ਭਾਵ 4,030.4 ਕਰੋੜ ਜੀ.ਬੀ. ਰਿਹਾ। ਉੱਧਰ 2ਜੀ ਦਾ ਹਿੱਸਾ 0.95 ਫੀਸਦੀ, 3ਜੀ ਦਾ 12.18 ਫੀਸਦੀ ਅਤੇ ਸੀ.ਡੀ.ਐੱਮ.ਏ. ਦਾ 0.01 ਫੀਸਦੀ ਹਿੱਸਾ ਰਿਹਾ।
ਇਸ ਦੌਰਾਨ ਪ੍ਰਤੀ ਵਿਅਕਤੀ ਰਾਜਸਵ 2014 ਦੇ 71.25 ਰੁਪਏ ਤੋਂ ਵਧ ਕੇ 2018 'ਚ 90.02 ਰੁਪਏ 'ਤੇ ਪਹੁੰਚ ਗਿਆ। ਰਿਪੋਰਟ ਮੁਤਾਬਕ 2014 'ਚ ਵਾਇਰਲੈੱਸ ਡਾਟਾ ਵਰਤੋਂ ਨਾਲ ਰਾਜਸਵ 22,265 ਕਰੋੜ ਰੁਪਏ ਸੀ ਜੋ ਕਿ 2018 'ਚ 54,671 ਕਰੋੜ ਰੁਪਏ ਹੋ ਗਿਆ ਹੈ। ਇਕ ਸਾਲ ਪਹਿਲਾਂ 2017 'ਚ ਇਹ 38,882 ਕਰੋੜ ਰੁਪਏ ਸੀ।