40 ਕਰੋੜ ਟਵਿੱਟਰ ਯੂਜ਼ਰਜ਼ ਦਾ ਡਾਟਾ ਲੀਕ, ਸਬੂਤ ਵਜੋਂ ਹੈਕਰ ਨੇ ਦਿੱਤਾ ਸਲਮਾਨ-NASA-WHO ਦਾ ਡਾਟਾ
Monday, Dec 26, 2022 - 01:09 AM (IST)
ਬਿਜ਼ਨੈੱਸ ਡੈਸਕ : ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਤਕਰੀਬਨ 40 ਕਰੋੜ ਯੂਜ਼ਰਜ਼ ਦਾ ਡਾਟਾ ਚੋਰੀ ਹੋ ਗਿਆ ਹੈ। ਇਹ ਡਾਟਾ ਇਕ ਹੈਕਰ ਵੱਲੋਂ ਚੋਰੀ ਕੀਤਾ ਗਿਆ ਹੈ ਅਤੇ ਡਾਰਕ ਵੈੱਬ ’ਤੇ ਵਿਕਰੀ ਲਈ ਉਪਲੱਬਧ ਕਰਾਇਆ ਗਿਆ ਹੈ। ਚੋਰੀ ਹੋਏ ਡਾਟਾ ’ਚ ਯੂਜ਼ਰਜ਼ ਦੇ ਨਾਂ, ਈਮੇਲ ਆਈ.ਡੀ., ਫਾਲੋਅਰਜ਼ ਦੀ ਗਿਣਤੀ ਅਤੇ ਯੂਜ਼ਰਜ਼ ਦੇ ਫੋਨ ਨੰਬਰ ਤੱਕ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਡਾਟਾ ਲੀਕ ’ਚ ਭਾਰਤੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਖਾਤਿਆਂ ਦਾ ਡਾਟਾ ਵੀ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਵਿੱਟਰ ਦੇ ਤਕਰੀਬਨ 5.4 ਮਿਲੀਅਨ ਯਾਨੀ 54 ਲੱਖ ਯੂਜ਼ਰਜ਼ ਦਾ ਨਿੱਜੀ ਡਾਟਾ ਲੀਕ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ : ਸਿੱਖ ਜਗਤ ‘ਵੀਰ ਬਾਲ ਦਿਵਸ’ ਨਹੀਂ, ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਮਨਾਵੇ : ਐਡਵੋਕੇਟ ਧਾਮੀ
ਮੀਡੀਆ ਰਿਪੋਰਟਾਂ ਦੇ ਅਨੁਸਾਰ ਹੈਕਰਾਂ ਨੇ ਹਾਈ ਪ੍ਰੋਫਾਈਲ ਲੋਕਾਂ ਦੇ ਨਾਲ ਸਲਮਾਨ ਖਾਨ, ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ, ਸਪੇਸ ਐਕਸ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਆਦਿ ਖਾਤਿਆਂ ਦਾ ਡਾਟਾ ਵੀ ਚੋਰੀ ਕਰ ਲਿਆ ਹੈ। ਹੈਕਰ ਨੇ ਆਪਣੀ ਪੋਸਟ ’ਚ ਲਿਖਿਆ, ਟਵਿੱਟਰ ਜਾਂ ਐਲਨ ਮਸਕ, ਜੋ ਕੋਈ ਵੀ ਇਸ ਨੂੰ ਪੜ੍ਹ ਰਹੇ ਹਨ, ਤੁਸੀਂ ਪਹਿਲਾਂ ਹੀ 5.4 ਕਰੋੜ ਤੋਂ ਵੱਧ ਯੂਜ਼ਰਜ਼ ਦਾ ਡਾਟਾ ਲੀਕ ਹੋਣ ’ਤੇ GDPR ਦੇ ਜੁਰਮਾਨੇ ਦਾ ਰਿਸਕ ਝੱਲ ਰਹੇ ਹੋ । ਅਜਿਹੀ ਸਥਿਤੀ ’ਚ ਹੁਣ 40 ਕਰੋੜ ਯੂਜ਼ਰਜ਼ ਦਾ ਡਾਟਾ ਲੀਕ ਹੋਣ ਦੇ ਜੁਰਮਾਨੇ ਬਾਰੇ ਸੋਚੋ। ਇਸ ਦੇ ਨਾਲ ਹੀ ਹੈਕਰ ਨੇ ਡਾਟਾ ਵੇਚਣ ਲਈ ਕੋਈ ਡੀਲ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਕਿਸੇ ਵੀ ਵਿਚੋਲੇ ਰਾਹੀਂ ਸੌਦਾ ਕਰਨ ਲਈ ਤਿਆਰ ਹੈ। ਇਸ ਦਰਮਿਆਨ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਡਾਟਾ ਲੀਕ API ’ਚ ਆਈ ਇਕ ਕੋਈ ਖਾਮੀ ਕਾਰਨ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਅਗਲੇ ਸਾਲ ਆਈ. ਟੀ. ਆਰ. ਫਾਰਮ ’ਚ ਬਦਲਾਅ ਕਰ ਸਕਦੀ ਹੈ ਸਰਕਾਰ
ਸਾਬਕਾ ਸੁਰੱਖਿਆ ਮੁਖੀ ਨੇ ਦਿੱਤੀ ਸੀ ਚੇਤਾਵਨੀ
ਹੈਕਰ ਨੇ ਵਿਚੋਲੇ ਜ਼ਰੀਏ ਚੋਰੀ ਕੀਤੇ ਡਾਟਾ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ API ’ਚ ਕੋਈ ਵੀ ਕਮੀ ਕਾਰਨ ਡਾਟਾ ਲੀਕ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਟਵਿੱਟਰ ਦੇ ਸਾਬਕਾ ਸੁਰੱਖਿਆ ਮੁਖੀ ਯੋਏਲ ਰੋਥ ਨੇ ਮਸਕ ਦੀ ਅਗਵਾਈ ’ਚ ਟਵਿੱਟਰ ਨੂੰ ਅਸੁਰੱਖਿਅਤ ਦੱਸਿਆ ਸੀ ਅਤੇ ਯੂਜ਼ਰਜ਼ ਦੇ ਡਾਟਾ ਨੂੰ ਵੀ ਖ਼ਤਰਾ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਸੁਰੱਖਿਆ ਨੂੰ ਯਕੀਨੀ ਕਰਨ ਲਈ ਕੰਪਨੀ ਕੋਲ ਲੋੜੀਂਦਾ ਸਟਾਫ਼ ਨਹੀਂ ਹੈ। ਕੰਪਨੀ ਨੇ ਆਪਣੇ ਜ਼ਿਆਦਾਤਰ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ, ਜਿਸ ਨਾਲ ਯੂਜ਼ਰਜ਼ ਦੇ ਡਾਟਾ ’ਤੇ ਵੀ ਖ਼ਤਰਾ ਵਧ ਸਕਦਾ ਹੈ।
ਡਾਟਾ ਲੀਕ ਦਾ ਇਹ ਮਾਮਲਾ ਕੋਈ ਪਹਿਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਹੈਕਰਸ ਟਵਿੱਟਰ ਦੇ 5.4 ਕਰੋੜ ਯੂਜ਼ਰਜ਼ ਦਾ ਡਾਟਾ ਚੋਰੀ ਕਰ ਚੁੱਕੇ ਹਨ। ਜਾਣਕਾਰੀ ਮੁਤਾਬਕ ਇਹ ਡਾਟਾ ਅੰਦਰੂਨੀ ਬੱਗ ਕਾਰਨ ਚੋਰੀ ਕੀਤਾ ਗਿਆ ਸੀ। ਫਿਲਹਾਲ ਇਸ ਡਾਟਾ ਲੀਕ ਦੀ ਜਾਂਚ ਚੱਲ ਰਹੀ ਹੈ, ਜਿਸ ਦਾ ਐਲਾਨ ਆਇਰਲੈਂਡ ਦੇ ਡਾਟਾ ਪ੍ਰੋਟੈਕਸ਼ਨ ਕਮਿਸ਼ਨ (ਡੀ.ਪੀ.ਸੀ.) ਨੇ ਕੀਤੀ ਸੀ।
ਯੂ. ਐੱਸ. ਫੈਡਰਲ ਟਰੇਡ ਕਮਿਸ਼ਨ (ਐੱਫ.ਟੀ.ਸੀ.) ਨੇ ਟਵਿੱਟਰ ਦੇ ਪ੍ਰਾਈਵੇਸੀ ਤੇ ਡਾਟਾ ਸੁਰੱਖਿਆ ਦੇ ਤਰੀਕਿਆਂ ਦੀ ਆਪਣੀ ਜਾਂਚ ਨੂੰ ਵਧਾ ਦਿੱਤਾ ਹੈ। ਦਰਅਸਲ, ਇਸ ਗੱਲ ਦਾ ਖ਼ਦਸ਼ਾ ਪਹਿਲਾਂ ਤੋਂ ਹੀ ਸੀ ਕਿ ਟਵਿੱਟਰ ਯੂ. ਐੱਸ. ਰੈਗੂਲੇਟਰ ਦੇ ਨਾਲ ਹੋਏ ਇਕ ਸਮਝੌਤੇ ਦੀ ਪਾਲਣਾ ਕਰਨ ’ਚ ਅਸਫਲ ਹੋ ਸਕਦਾ ਹੈ, ਜਿਸ ’ਚ ਕੰਪਨੀ ਨੇ ਆਪਣੀ ਪ੍ਰਾਈਵੇਸੀ ਜੁੜੇ ਸਿਸਟਮਜ਼ ’ਚ ਸੁਧਾਰ ਕਰਨ ਦੀ ਸਹਿਮਤੀ ਦਿੱਤੀ ਸੀ। ਪ੍ਰਾਈਵੇਸੀ ’ਚ ਸੁਧਾਰ ਨਾ ਹੋਣ ਕਾਰਨ ਲੋਕਾਂ ਦਾ ਡਾਟਾ ਹੈਕਰ ਚੋਰੀ ਕਰ ਰਹੇ ਹਨ।