ਖੁਸ਼ਖਬਰੀ! TV ਦੇਖਣਾ ਹੋ ਜਾਵੇਗਾ ਸਸਤਾ, ਪਸੰਦੀਦਾ ਚੈਨਲਾਂ ਦੇ ਹੀ ਦੇਣੇ ਹੋਣਗੇ ਪੈਸੇ

11/01/2018 3:14:28 PM

ਨਵੀਂ ਦਿੱਲੀ— ਹੁਣ ਡੀ. ਟੀ. ਐੱਚ ਅਤੇ ਕੇਬਲ 'ਤੇ ਚੱਲਣ ਵਾਲੇ ਚੈਨਲਾਂ 'ਚੋਂ ਸਿਰਫ ਉਨ੍ਹਾਂ ਚੈਨਲਾਂ ਲਈ ਹੀ ਪੈਸੇ ਦੇਣੇ ਪੈਣਗੇ, ਜਿਨ੍ਹਾਂ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ। ਸੁਪਰੀਮ ਕੋਰਟ ਨੇ ਸਟਾਰ ਇੰਡੀਆ ਦੀ ਉਹ ਪਟੀਸ਼ਨ ਰੱਦ ਕਰ ਦਿੱਤੀ ਹੈ, ਜਿਸ 'ਚ ਉਸ ਨੇ ਟਰਾਈ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਦਰਅਸਲ, ਟਰਾਈ ਨੇ 3 ਮਾਰਚ 2017 ਨੂੰ ਨਵੇਂ ਟੈਰਿਫ ਦਾ ਡਰਾਫਟ ਜਾਰੀ ਕੀਤਾ ਸੀ ਪਰ ਬ੍ਰਾਡਕਾਸਟਿੰਗ ਕੰਪਨੀਆਂ ਇਸ ਖਿਲਾਫ ਸਨ। ਸਟਾਰ ਇੰਡੀਆ ਅਤੇ ਵਿਜੈ ਟੀ. ਵੀ. ਨੇ ਇਸ ਹੁਕਮ ਨੂੰ ਮਦਰਾਸ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ ਪਰ ਅਦਾਲਤ ਨੇ ਟਰਾਈ ਦੇ ਪੱਖ 'ਚ ਹੀ ਫੈਸਲਾ ਦਿੱਤਾ। 

ਇਸ ਦੇ ਬਾਅਦ ਸਟਾਰ ਇੰਡੀਆ ਨੇ ਇਸ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਹੁਣ ਉੱਚ ਅਦਾਲਤ ਨੇ ਵੀ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ, ਯਾਨੀ ਟਰਾਈ ਲਈ ਹੁਕਮ 'ਤੇ ਅਮਲ ਕਰਾਉਣ ਦਾ ਰਸਤਾ ਸਾਫ ਹੋ ਗਿਆ ਹੈ।
ਗਾਹਕਾਂ ਨੂੰ ਜਲਦ ਹੀ ਇਹ ਅਧਿਕਾਰ ਮਿਲਣ ਵਾਲਾ ਹੈ ਕਿ ਜੋ ਚੈਨਲ ਉਹ ਦੇਖਣਾ ਚਾਹੁੰਦੇ ਹਨ, ਹੁਣ ਤੋਂ ਉਨ੍ਹਾਂ ਨੂੰ ਸਿਰਫ ਉਸੇ ਦੇ ਪੈਸੇ ਹੀ ਦੇਣੇ ਪੈਣਗੇ। ਮੌਜੂਦਾ ਸਮੇਂ ਗਾਹਕਾਂ ਨੂੰ ਪੂਰਾ ਪੈਕ ਖਰੀਦਣਾ ਪੈਂਦਾ ਹੈ, ਜਿਸ 'ਚ ਮੁਫਤ ਅਤੇ ਪੇਡ ਦੋਵੇਂ ਚੈਨਲ ਹੁੰਦੇ ਹਨ। ਡੀ. ਟੀ. ਐੱਚ. ਜਾਂ ਕੇਬਲ ਆਪਰੇਟਰਾਂ ਤੋਂ ਬ੍ਰਾਡਕਾਸਟਿੰਗ ਕੰਪਨੀਆਂ ਪੂਰੇ ਪੈਕ ਦੇ ਪੈਸੇ ਲੈਂਦੀਆਂ ਹਨ। ਆਪਰੇਟਰ ਵੀ ਉਸੇ ਹਿਸਾਬ ਨਾਲ ਪੈਸੇ ਲੈਂਦੇ ਹਨ ਅਤੇ ਗਾਹਕਾਂ ਨੂੰ ਉਨ੍ਹਾਂ ਚੈਨਲਾਂ ਲਈ ਵੀ ਪੈਸੇ ਦੇਣੇ ਪੈਂਦੇ ਹਨ, ਜੋ ਉਹ ਨਹੀਂ ਦੇਖਣਾ ਚਾਹੁੰਦੇ।


Related News