ਕ੍ਰਿਪਟੋ ਕਰੰਸੀ ਕਾਰਨ ਦੁਨੀਆ ’ਚ ਵਧੀ ਚਿੰਤਾ, ਚੀਨ ਨੇ 1100 ਕ੍ਰਿਪਟੋ ਟ੍ਰੇਡਰ ਕੀਤੇ ਗ੍ਰਿਫਤਾਰ
Sunday, Jun 13, 2021 - 12:07 PM (IST)
ਨਵੀਂ ਦਿੱਲੀ - ਕੇਂਦਰੀ ਅਮਰੀਕੀ ਦੇਸ਼ ਅਲ ਸਲਵਾਡੋਰ ਵਲੋਂ ਬਿਟਕੁਆਈਨ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਤੋਂ ਬਾਅਦ ਬਿਟਕੁਆਈਨ ਪੂਰੀ ਦੁਨੀਆ ’ਚ ਚਰਚਾ ’ਚ ਹੈ। ਹਾਲਾਂਕਿ ਦੁਨੀਆ ਭਰ ’ਚ ਕ੍ਰਿਪਟੋ ਕਰੰਸੀ ਦਾ ਮਾਰਕੀਟ ਕੈਪਟਲਾਈਜੇਸ਼ਨ ਕਰੀਬ ਡੇਢ ਟ੍ਰਿਲੀਅਨ ਡਾਲਰ ਹੈ ਪਰ ਇਸ ਨੇ ਦੁਨੀਆ ਭਰ ਦੀਆਂ ਚੋਟੀ ਦੀਆਂ ਅਰਥਵਿਵਸਥਾਵਾਂ ਦੇ ਸਾਹਮਣੇ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਕਰੀਬ 22 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵਾਲਾ ਅਮਰੀਕਾ ਅਤੇ ਕਰੀਬ 15 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵਾਲਾ ਚੀਨ ਹੁਣ ਕ੍ਰਿਪਟੋ ਕਰੰਸੀ ਨੂੰ ਲੈ ਕੇ ਚਿੰਤਤ ਹੋ ਗਏ ਹਨ। ਅਮਰੀਕਾ ਨੂੰ ਜਿੱਥੇ ਕ੍ਰਿਪਟੋ ਕਰੰਸੀ ਰਾਹੀਂ ਡਾਲਰ ਦੀ ਬਾਦਸ਼ਾਹਤ ਖਤਮ ਹੋਣ ਦੀ ਚਿੰਤਾ ਹੈ ਤਾਂ ਉੱਥੇ ਹੀ ਚੀਨ ਨੂੰ ਵੀ ਇਸ ਦੇ ਰਾਹੀਂ ਆਪਣੀ ਅਰਥਵਿਵਸਥਾ ’ਚ ਸੰਨ੍ਹ ਲਗਦੀ ਨਜ਼ਰ ਆ ਰਹੀ ਹੈ। ਲਿਹਾਜਾ ਇਨ੍ਹਾਂ ਦੋਹਾਂ ਦੇਸ਼ਾਂ ਨਾਲ ਦੁਨੀਆ ਦੀਆਂ ਕਈ ਵੱਡੀਆਂ ਅਰਥਵਿਵਸਥਾਵਾਂ ਨੇ ਕ੍ਰਿਪਟੋ ਕਰੰਸੀ ਨੂੰ ਲੈ ਕੇ ਸਖਤੀ ਸ਼ੁਰੂ ਕਰ ਦਿੱਤੀ ਹੈ। ਆਓ ਜਾਣਦੇ ਹਾਂ ਦੁਨੀਆ ਭਰ ’ਚ ਕ੍ਰਿਪਟੋ ਕਰੰਸੀ ਨੂੰ ਲੈ ਕੇ ਸਰਕਾਰਾਂ ਕੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ
ਚੀਨ ਦੀ ਵੱਡੀ ਕਾਰਵਾਈ, 1100 ਕ੍ਰਿਪਟੋ ਟ੍ਰੇਡਰ ਗ੍ਰਿਫਤਾਰ
ਚੀਨ ਨੇ ਕ੍ਰਿਪਟੋ ਕਰੰਸੀ ਟ੍ਰੇਡਰਾਂ ’ਤੇ ਵੱਡੀ ਕਾਰਵਾਈ ਕਰਦੇ ਹੋਏ 1100 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਚੀਨ ਦੀ ਮਨਿਸਟਰੀ ਆਫ ਪਬਲਿਕ ਸਕਿਓਰਿਟੀ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ 1100 ਵਿਅਕਤੀ ਕ੍ਰਿਪਟੋ ਕਰੰਸੀ ਦੇ ਕਾਰੋਬਾਰ ਰਾਹੀਂ ਹਵਾਲਾ ਦਾ ਨਾਜਾਇਜ਼ ਕਾਰਬੋਰ ਕਰ ਰਹੇ ਸਨ। ਗ੍ਰਿਫਤਾਰ ਵਿਅਕਤੀ ਵੱਖ-ਵੱਖ ਕਿਸਮ ਦੇ 170 ਗਰੁੱਪ ਨਾਲ ਜੁੜੇ ਹੋਏ ਸਨ ਅਤੇ ਇਨ੍ਹਾਂ ਨੂੰ ਕ੍ਰਿਪਟੋ ਕਰੰਸੀ ਰਾਹੀਂ ਹੋ ਰਹੇ ਹਵਾਲਾ ਕਾਰੋਬਾਰ ’ਚ ਡੇਢ ਤੋਂ ਲੈ ਕੇ ਪੰਜ ਫੀਸਦੀ ਤੱਕ ਕਮਿਸ਼ਨ ਮਿਲ ਰਹੀ ਸੀ।
ਚੀਨ ਨੇ ਪਿਛਲੇ ਮਹੀਨੇ ਹੀ ਦੇਸ਼ ’ਚ ਕ੍ਰਿਪਟੋ ਦੇ ਖਿਲਾਫ ਸਖਤ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਦੇਸ਼ ਦੇ ਤਿੰਨ ਵੱਡੇ ਉਦਯੋਗਿਕ ਅਤੇ ਵਿੱਤੀ ਸੰਗਠਨਾਂ ਨੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਕ੍ਰਿਪਟੋ ਕਰੰਸੀ ਨਾਲ ਸਬੰਧਤ ਸੇਵਾਵਾਂ ਅਤੇ ਟ੍ਰਾਂਜੈਕਸ਼ਨਸ ਬੰਦ ਕਰਨ ਨੂੰ ਕਿਹਾ ਸੀ। ਇਸ ਦੇ ਨਾਲ ਹੀ ਚੀਨ ਨੇ ਦੇਸ਼ ’ਚ ਬਿਟਕੁਆਈਨ ਮਾਈਨਿੰਗ ’ਤੇ ਵੀ ਰੋਕ ਲਗਾ ਦਿੱਤੀ ਸੀ।
ਇਸ ਦਰਮਿਆਨ ਚੀਨ ਦੀ ਪੇਮੈਂਟ ਐਂਡ ਕਲੀਅਰਿੰਗ ਐਸੋਸੀਏਸ਼ਨ ਨੇ ਦੇਸ਼ ’ਚ ਕ੍ਰਿਪਟੋ ਕਰੰਸੀ ਰਾਹੀਂ ਵਧ ਰਹੇ ਹਵਾਲਾ ਕਾਰੋਬਾਰ ’ਤੇ ਚਿੰਤਾ ਪ੍ਰਗਟਾਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਕ੍ਰਿਪਟੋ ਕਰੰਸੀ ਦੇ ਕੌਮਾਂਤਰੀ ਅਤੇ ਗੁਪਤ ਹੋਣ ਦੇ ਨਾਲ-ਨਾਲ ਇਸ ਦਾ ਲੈਣ-ਦੇਣ ਆਸਾਨੀ ਨਾਲ ਹੋ ਰਿਹਾ ਹੈ। ਲਿਹਾਜਾ ਇਸ ਦੇ ਰਾਹੀਂ ਹਵਾਲਾ ਕਾਰੋਬਾਰ ਵਧ ਰਿਹਾ ਹੈ। ਕ੍ਰਿਪਟੋ ਕਰੰਸੀ ਪਹਿਲਾਂ ਹੀ ਜੂਆ ਖੇਡਣ ਦਾ ਸੌਖਾਲਾ ਮਾਧਿਅਮ ਬਣ ਚੁੱਕੀ ਹੈ ਅਤੇ ਜੂਆ ਖਿਡਾਉਣ ਵਾਲੀਆਂ 13 ਫੀਸਦੀ ਵੈੱਬਸਾਈਟ ਅਤੇ ਐਪਲੀਕੇਸ਼ਨ ਪੈਸੇ ਦੇ ਲੈਣ-ਦੇਣ ਲਈ ਕ੍ਰਿਪਟੋ ਕਰੰਸੀ ਨੂੰ ਮਾਨਤਾ ਦਿੰਦੀਆਂ ਹਨ। ਲਿਹਾਜਾ ਸਰਕਾਰ ਅਤੇ ਅਧਿਕਾਰੀਆਂ ਲਈ ਇਸ ਤਰੇ੍ਹਾਂ ਦੇ ਪੈਸੇ ਦੇ ਸ੍ਰੋਤ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਦਰਅਸਲ ਇਸ ਸਾਲ ਦੀ ਸ਼ੁਰੂਆਤ ਤੋਂ ਬਿਟਕੁਆਈਨ ਦੀਆਂ ਕੀਮਤਾਂ ’ਚ ਆਈ ਜ਼ਬਰਦਸਤ ਤੇਜ਼ੀ ਤੋਂ ਬਾਅਦ ਚੀਨ ਆਪਣੀ ਅਰਥਵਿਵਸਥਾ ਨੂੰ ਲੈ ਕੇ ਚਿੰਤਤ ਹੈ ਅਤੇ ਚੀਨੀ ਅਧਿਕਾਰੀਆਂ ਨੂੰ ਲੱਗ ਰਿਹਾ ਹੈ ਕਿ ਕ੍ਰਿਪਟੋ ਕਰੰਸੀ ਰਾਹੀਂ ਹੋ ਰਹੀ ਹਵਾਲਾ ਕਾਰੋਬਾਰ ਨਾਲ ਦੇਸ਼ ਦੀ ਅਰਥਵਿਵਸਥਾ ’ਚ ਸੰਨ੍ਹ ਲੱਗ ਰਹੀ ਹੈ। ਲਿਹਾਜਾ ਅਪ੍ਰੈਲ ’ਚ ਬਿਟਕੁਆਈਨ ਦੇ ਰਿਕਾਰਡ ਪੱਧਰ ’ਤੇ ਪਹੁੰਚਣ ਤੋਂ ਬਾਅਦ ਚੀਨ ਨੇ ਇਸ ’ਤੇ ਸਖਤੀ ਵਧਾ ਦਿੱਤੀ ਹੈ ਅਤੇ ਕ੍ਰਿਪਟੋ ਕਰੰਸੀ ਦਾ ਕਾਰੋਬਾਰ ਕਰਨ ਵਾਲਿਆਂ ’ਤੇ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਕ੍ਰਿਪਟੋ ਐਕਸਚੇਂਜਾਂ ਦੇ ਸੋਸ਼ਲ ਮੀਡੀਆ ਪੇਜ਼ ਬੈਨ
ਚੀਨ ਇਸ ਲਈ ਤਕਨੀਕ ਦੀ ਵੀ ਮਦਦ ਲੈ ਰਿਹਾ ਹੈ ਅਤੇ ਅਜਿਹੇ ਆਈ. ਪੀ. ਅਡ੍ਰੈੱਸ ਨੂੰ ਟ੍ਰੈਕ ਕੀਤਾ ਜਾ ਰਿਹਾ ਹੈ ਜਿੱਥੋਂ ਕ੍ਰਿਪਟੋ ਕਰੰਸੀ ਐਕਸਚੇਂਜ ਦੇ ਨਾਂ ਸਰਚ ਕੀਤੇ ਜ ਰਹੇ ਹਨ। ਚੀਨ ਦੀ ਸਖਤੀ ਦਾ ਅਸਰ ਇਹ ਹੋਇਆ ਕਿ ਹੁਣ ਲੋਕਾਂ ਨੇ ਇੰਟਰਨੈੱਟ ’ਤੇ ਬਿਨਾਂਸ, ਓਕੇਕਸ, ਹਿਊਬੋਈ, ਬਾਇਡੂ ਅਤੇ ਵ੍ਹੀਬੋ ਵਰਗੇ ਕ੍ਰਿਪਟੋ ਕਰੰਸੀ ਪਲੇਟਫਾਰਮਸ ਨੂੰ ਸਰਚ ਕਰਨਾ ਬੰਦ ਕਰ ਦਿੱਤਾ ਹੈ।
ਜੇ. ਪੀ. ਮਾਰਗਨ ਦੀ ਚਿਤਾਵਨੀ, ਬਿਟਕੁਆਈਨ ’ਚ ਮੰਦੀ ਆਵੇਗੀ
ਦੁਨੀਆ ਦੇ ਮਸ਼ਹੂਰ ਬ੍ਰੋਕਰੇਜ਼ ਹਾਊਸ ਜੇ. ਪੀ. ਮਾਰਗਨ ਨੇ ਚਿਤਾਵਾਨੀ ਦਿੱਤੀ ਹੈ ਕਿ ਬਿਟਕੁਆਈਨ ਛੇਤੀ ਦੀ ਮੰਦੀ ਦੀ ਲਪੇਟ ’ਚ ਆ ਸਕਦਾ ਹੈ। ਕੰਪਨੀ ਦੇ ਵਿੱਤੀ ਰਣਨੀਤੀਕਾਰ ਨਿਕੋਲੋਸ ਵਲੋਂ ਜਾਰੀ ਕੀਤੇ ਗਏ ਨੋਟ ’ਚ ਬਿਟਕੁਆਈਨ ਫਿਲਹਾਲ ਦਬਾਅ ’ਚ ਹੈ ਅਤੇ ਕ੍ਰਿਪਟੋ ਮਾਰਕੀਟ ’ਚ ਇਸ ਦੀ ਕੁਲ ਹਿੱਸੇਦਾਰੀ ਵੀ ਘੱਟ ਹੋ ਰਹੀ ਹੈ। ਕੰਪਨੀ ਨੇ ਬਿਟਕੁਆਈਨ ਨੂੰ ਲੈ ਕੇ ਇਹ ਮੁਲਾਂਕਣ ਇਸ ਦੇ 21 ਦਿਨ ਦੇ ਸਪੌਟ ਅਤੇ ਫਿਊਚਰ ਬਾਜ਼ਾਰ ਦੇ ਮੂਵਿੰਗ ਐਵਰੇਜ਼ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਕੀਤਾ ਹੈ। ਜੇ. ਪੀ. ਮਾਰਗਨ ਦੇ ਵਿਸ਼ਲੇਸ਼ਣ ਮੁਤਾਬਕ ਬਿਟਕੁਆਈਨ ਦੀਆਂ ਕੀਮਤਾਂ ਦੇ ਚਾਰਟ ’ਚ ਆਇਆ ਇਹ ਬਦਾਅ 2018 ਦੇ ਟੈਕਨੀਕਲ ਚਾਰਟ ਵਰਗਾ ਹੈ ਅਤੇ 2018 ’ਚ ਬਿਟਕੁਆਈਨ ਦੀਆਂ ਕੀਮਤਾਂ ਕਰੀਬ 74 ਫੀਸਦੀ ਤੱਕ ਡਿੱਗ ਗਈਆਂ ਸਨ। ਬਿਟਕੁਆਈਨ ਦੀ ਮੰਗ ’ਚ ਇਹ ਕਮੀ ਸੰਸਥਾਗਤ ਨਿਵੇਸ਼ਕਾਂ ਵਲੋਂ ਇਸ ਤੋਂ ਬਣਾਈ ਗਈ ਦੂਰੀ ਕਾਰਨ ਆਈ ਹੈ ਅਤੇ ਸ਼ਿਕਾਗੋ ਐਕਸਚੇਂਜ ’ਚ ਇਸ ਦੇ ਸੌਦੇ ਘੱਟ ਹੋ ਰਹੇ ਹਨ।
ਇਸ ਸਾਲ ਦੀ ਸ਼ੁਰੂਆਤ ’ਚ ਕ੍ਰਿਪਟੋ ਕਰੰਸੀ ਮਾਰਕੀਟ ਦੇ ਕੁਲ ਵੈਲਯੂਏਸ਼ਨਨ ’ਚ ਬਿਟਕੁਆਈਨ ਦੀ ਹਿੱਸੇਦਾਰ ਕਰੀਬ 70 ਫੀਸਦੀ ਸੀ ਜੋ ਹੁਣ ਡਿੱਗ ਕੇ 42 ਫੀਸਦੀ ਰਹਿ ਗਈ ਹੈ ਅਤੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਿਕ ਨਿਵੇਸ਼ਕਾਂ ਦਾ ਹੋਰ ਕ੍ਰਿਪਟੋ ਕਰੰਸੀ ’ਚ ਰੁਝਾਨ ਵਧਣ ਕਾਰਨ ਬਿਟਕੁਆਈਨ ਦੇ ਮਾਰਕੀਟ ਸ਼ੇਅਰ ’ਚ ਗਿਰਾਵਟ ਆ ਰਹੀ ਹੈ। ਰਿਪੋਰਟ ਮੁਤਾਬਕ ਬਿਟਕੁਆਈਨ ਦੀ ਮਜ਼ਬੂਤੀ ਲਈ ਇਸ ਦਾ ਮਾਰਕੀਟ ਸ਼ੇਅਰ 50 ਫੀਸਦੀ ਤੱਕ ਪਹੁੰਚਣਾ ਜ਼ਰੂਰੀ ਹੈ ਪਰ ਹੁਣ ਟ੍ਰੇਡਰ ਇਸ ਹੋਰ ਡਿਗਣ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫਿਲਹਾਲ 30 ਤੋਂ 40 ਹਜ਼ਾਰ ਡਾਲਰ ਦਰਮਿਆਨ ਕਾਰੋਬਾਰ ਕਰ ਰਿਹਾ ਹੈ ਅਤੇ ਕਾਰੋਬਾਰੀ ਹੁਣ ਇਸ ਦੇ 30 ਹਜ਼ਾਰ ਦਾ ਪੱਧਰ ਤੋੜਨ ਦਾ ਇੰਤਜ਼ਾਰ ਕਰ ਰਹੇ ਹਨ।
ਕ੍ਰਿਪਟੋ ਕਰੰਸੀ ਦਾ ਵਧਦਾ ਪ੍ਰਭਾਵ ਰੋਕੇ ਅਮਰੀਕਾ : ਐਲੀਜ਼ਾਬੇਥ ਵਾਰੇਨ
ਦੁਨੀਆ ਭਰ ’ਚ ਵਧ ਰਹੇ ਕ੍ਰਿਪਟੋ ਕਰੰਸੀ ਦੇ ਪ੍ਰਭਾਵ ਦਰਮਿਆਨ ਅਮਰੀਕਾ ’ਚ ਸੀਨੇਟ ’ਚ ਡੈਮੋਕ੍ਰੇਟ ਪਾਰਟੀ ਦੀ ਮੈਂਬਰ ਐਲੀਜ਼ਾਬੇਥ ਵਾਰੇਨ ਨੇ ਦੇਸ਼ ਦੀ ਨੀਤੀ ਨਿਰਧਾਰਕਾਂ ਨੂੰ ਕ੍ਰਿਪਟੋ ਕਰੰਸੀ ਦੇ ਪ੍ਰਭਾਵ ਨੂੰ ਰੋਕਣ ਲਈ ਤੁਰੰਤ ਨੀਤੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਫੈੱਡ ਰਿਜ਼ਰਵ ਦੀ ਮਾਨਤਾ ਵਾਲੀ ਡਿਜੀਟਲ ਕਰੰਸੀ ਦੇ ਵਧਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਹਾਲੇ ਤੱਕ ਕ੍ਰਿਪਟੋ ਕਰੰਸੀ ਦੇ ਵਧਦੇ ਪ੍ਰਭਾਵ ਨੂੰ ਘੱਟ ਕਰਨ ’ਚ ਅਸਫਲ ਰਿਹਾ ਹੈ ਪਰ ਇਸ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ ਕਿਉਂਕਿ ਇਸ ਕਰੰਸੀ ਰਾਹੀਂ ਨਿਵੇਸ਼ਕਾਂ ਨਾਲ ਧੋਖਾਦੇਹੀ ਹੋਣ ਦੇ ਨਾਲ-ਨਾਲ ਵਾਤਾਵਰਣ ਨੂੰ ਨੁਕਸਾਨ ਅਤੇ ਅਪਰਾਧੀਆਂ ਨੂੰ ਫਾਇਦਾ ਹੋ ਰਿਹਾ ਹੈ ਅਤੇ ਸਾਨੂੰ ਹੁਣ ਇਸ ’ਤੇ ਜ਼ਿਆਦਾ ਦੇਰ ਚੁੱਪ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜੇ ਅਮਰੀਕਾ ਦਾ ਕੇਂਦਰੀ ਬੈਂਕ ਡਿਜੀਟਲ ਕਰੰਸੀ ਜਾਰੀ ਕਰਦਾ ਹੈ ਤਾਂ ਇਸ ਨਾਲ ਦੇਸ਼ ’ਚ ਪੇਮੈਂਟ ਸਿਸਟਮ ’ਚ ਸੁਧਾਰ ਹੋਵੇਗਾ ਅਤੇ ਦੇਸ਼ ਦਾ ਫਾਇਦਾ ਹੋਵੇਗਾ।
ਅਲ ਸਲਵਾਡੋਰ ’ਚ ਬਿਟਕੁਆਈਨ ਨੂੰ ਕਾਨੂੰਨੀ ਮਾਨਤਾ ਕਾਰਨ ਵਧੀ ਚਿੰਤਾ
ਇਸ ਦਰਮਿਆਨ ਸੈਂਟਰਲ ਅਮਰੀਕੀ ਦੇਸ਼ ਅਲ ਸਲਵਾਡੋਰ ਵਲੋਂ ਬਿਟਕੁਆਈਨ ਨੂੰ ਰਸਮੀ ਮਾਨਤਾ ਦਿੱਤੇ ਜਾਣ ਤੋਂ ਬਾਅਦ ਇਹ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਹੋਰ ਦੇਸ਼ ਵੀ ਛੇਥੀ ਹੀ ਇਸ ਦਿਸ਼ਾ ’ਚ ਕੋਈ ਕਦਮ ਉਠਾ ਸਕਦੇ ਹਨ। ਦਰਅਸਲ ਅਲ ਸਲਵਾਡੋਰ ਦੀ ਆਪਣੀ ਕੋਈ ਕਰੰਸੀ ਨਹੀਂ ਹੈ ਅਤੇ ਨਾ ਹੀ ਆਪਣਾ ਕੋਈ ਕੇਂਦਰੀ ਬੈਂਕ ਹੈ। ਲਿਹਾਜਾ ਦੇਸ਼ ’ਚ ਸਾਰਾ ਕਾਰੋਬਾਰ ਡਾਲਰ ਦੇ ਮਾਧਿਅਮ ਰਾਹੀਂ ਹੀ ਹੁੰਦਾ ਹੈ ਪਰ ਹੁਣ ਇਸ ਦੇਸ਼ ਨੇ ਆਮ ਲੈਣ-ਦੇਣ ਅਤੇ ਟੈਕਸਾਂ ਦੇ ਭੁਗਤਾਨ ਲਈ ਬਿਟਕੁਆਈਨ ਨੂੰ ਮਾਨਤਾ ਦੇ ਦਿੱਤੀ ਹੈ।
ਅਲ-ਸਲਵਾਡੋਰ ਵਲੋਂ ਬਿਟਕੁਆਈਨ ਨੂੰ ਮਾਨਤਾ ਦਿੱਤੇ ਜਾਣ ਤੋਂ ਬਾਅਦ ਦੁਨੀਆ ਭਰ ’ਚ ਬੈਂਕਿੰਗ ਸੁਪਰਵਿਜ਼ਨ ਨੂੰ ਲੈ ਕੇ ਬਣਾਈ ਗਈ ਬਾਸੇਲ ਕਮੇਟੀ ਨੇ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਉਹ ਬਿਟਕੁਆਈਨ ਰੱਖ ਰਹੇ ਹਨ ਤਾਂ ਉਹ ਇਸ ਦੀ ਕੀਮਤ ਡਿਗਣ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਵਾਧੂ ਪੈਸਾ ਆਪਣੇ ਕੋਲ ਰੱਖਣ। ਇਸ ਕਮੇਟੀ ’ਚ 46 ਦੇਸ਼ ਹਨ ਅਤੇ ਕਮੇਟੀ ਨੇ ਇਹ ਵਿਸ਼ਲੇਸ਼ਣ ਕੀਤਾ ਹੈ ਕਿ ਦੁਨੀਆ ਭਰ ’ਚ ਲੋਕ ਕਰਜ਼ੇ ਦੇ ਬਦਲੇ ਬੈਂਕਾਂ ਕੋਲ ਬਿਟਕੁਆਈਨ ਰੱਖ ਰਹੇ ੇਹਨ ਅਤੇ ਇਹ ਬੈਂਕਾਂ ਲਈ ਖਤਰਨਾਕ ਹੋ ਸਕਦਾ ਹੈ। ਕਮੇਟੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਹਾਲਾਂਕਿ ਦੁਨੀਆ ਭਰ ਦੇ ਬੈਂਕਿੰਗ ਸਿਸਟਮ ’ਚ ਕ੍ਰਿਪਟੋ ਕਰੰਸੀ ਦੀ ਹਿੱਸੇਦਾਰੀ ਨਾ ਦੇ ਬਰਾਬਰ ਹੈ ਪਰ ਇਸ ਦੇ ਵਧਦੇ ਪ੍ਰਭਾਵ ਕਾਰਨ ਵਿੱਤੀ ਧੋਖਾਦੇਹੀ, ਸਾਈਬਰ ਹਮਲਿਆਂ, ਅੱਤਵਾਦ ਨੂੰ ਫੰਡਿੰਗ ਅਤੇ ਹਵਾਲਾ ਵਰਗੇ ਕਾਰੋਬਾਰ ਨੂੰ ਪ੍ਰੋਤਸਾਹਨ ਮਿਲ ਸਕਦਾ ਹੈ।
150 ਮਿਲੀਅਨ ਡਾਲਰ ਦਾ ਇਕ ਟਰੱਸਟ ਬਣਾਏਗਾ ਅਲ-ਸਲਵਾਡੋਰ
ਅਲ-ਸਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਦਾ ਕਹਿਣਾ ਹੈ ਕਿ ਬਿਟਕੁਆਈਨ ਨੂੰ ਅਧਿਕਾਰਕ ਮੁਦਰਾ ਬਣਾਉਣ ਨਾਲ ਵਿਦੇਸ਼ਾਂ ’ਚ ਰਹਿਣ ਵਾਲੇ ਸਲਵਾਡੋਰ ਦੇ ਨਾਗਰਿਕਾਂ ਲਈ ਘਰ ਪੈਸਾ ਭੇਜਣਾ ਸੌਖਾਲਾ ਹੋ ਜਾਏਗਾ। ਇਸ ਇਕ ਕਦਮ ਨਾਲ ਸਲਵਾਡੋਰ ਦੇ 70 ਫੀਸਦੀ ਅਜਿਹੇ ਲੋਕਾਂ ਲਈ ਵਿੱਤੀ ਸੇਵਾਵਾਂ ਖੁੱਲ੍ਹ ਜਾਣਗੀਆਂ, ਜਿਨ੍ਹਾਂ ਕੋਲ ਬੈਂਕ ਖਾਤੇ ਨਹੀਂ ਹਨ। ਬਿਟਕੁਆਈਨ ਅਤੇ ਡਾਲਰ ਦੇ ਲੈਣ-ਦੇਣ ਨੂੰ ਸੌਖਾਲਾ ਬਣਾਉਣ ਲਈ ਦੇਸ਼ ਦੇ ਡਿਵੈੱਲਪਮੈਂਟ ਬੈਂਕ ਵਲੋਂ 150 ਿਮਲੀਅਨ ਡਾਲਰ ਦਾ ਇਕ ਟਰੱਸਟ ਵੀ ਬਣਾਇਆ ਜਾਵੇਗਾ। ਅਲ-ਸਲਵਾਡੋਰ ’ਚ ਬਿਟਕੁਆਈਨ ਨੂੰ ਕਾਨੂੰਨੀ ਮਾਨਤਾ ਮਿਲਣ ਕਾਰਨ ਜਿੱਥੇ ਬਿਟਕੁਆਈਨ ਦੇ ਸਮਰਥਕ ਉਤਸ਼ਾਹਿਤ ਹਨ, ਉੱਥੇ ਹੀ ਵੱਡੀਆਂ ਅਰਥਵਿਵਸਥਾਵਾਂ ਇਸ ਦੇ ਵਧਦੇ ਪ੍ਰਭਾਵ ਨੂੰ ਲੈ ਕੇ ਚਿੰਤਤ ਹੋ ਰਹੀਆਂ ਹਨ।