10 ਮਹੀਨੇ ਦੇ ਉੱਚ ਪੱਧਰ 'ਤੇ ਕੱਚਾ ਤੇਲ, ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ

Wednesday, Jan 06, 2021 - 11:14 PM (IST)

10 ਮਹੀਨੇ ਦੇ ਉੱਚ ਪੱਧਰ 'ਤੇ ਕੱਚਾ ਤੇਲ, ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ

ਨਵੀਂ ਦਿੱਲੀ- ਵਿਸ਼ਵ ਵਿਚ ਕੱਚੇ ਤੇਲ ਦੇ ਸਭ ਤੋਂ ਵੱਡੇ ਉਤਪਾਦਕ ਸਾਊਦੀ ਵੱਲੋਂ ਉਤਪਾਦਨ ਵਿਚ ਕਟੌਤੀ ਕਰਨ ਦੇ ਅਚਾਨਕ ਫ਼ੈਸਲੇ ਨਾਲ ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀ ਕੀਮਤ ਵਿਚ ਜ਼ੋਰਦਾਰ ਤੇਜ਼ੀ ਆਈ ਹੈ।

ਕੌਮਾਂਤਰੀ ਬੈਂਚਮਾਰਕ ਬ੍ਰੈਂਟ ਕਰੂਡ ਦੀ ਕੀਮਤ ਬੁੱਧਵਾਰ ਨੂੰ 54 ਡਾਲਰ ਪ੍ਰਤੀ ਬੈਰਲ ਤੋਂ ਪਾਰ ਚਲੀ ਗਈ ਅਤੇ ਡਬਲਿਊ. ਟੀ. ਆਈ. ਵੀ. 50 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣਿਆ ਹੋਇਆ ਹੈ। ਕੱਚੇ ਤੇਲ ਦੀ ਕੀਮਤ ਦਾ ਇਹ 10 ਮਹੀਨਿਆਂ ਤੋਂ ਜ਼ਿਆਦਾ ਦਾ ਉੱਚਾ ਪੱਧਰ ਹੈ।

PunjabKesari

ਸਾਊਦੀ ਦੀ ਅਗਵਾਈ ਵਾਲੇ ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸਮੂਹ ਓਪੇਕ ਅਤੇ ਰੂਸ ਦੀ ਅਗਵਾਈ ਵਾਲੇ ਹੋਰ ਪ੍ਰਮੁੱਖ ਉਤਪਾਦਕਾਂ ਨੇ ਬੈਠਕ ਵਿਚ ਪਹਿਲਾਂ ਵਾਲੀ ਕਟੌਤੀ ਜਾਰੀ ਰੱਖਣ ਦੀ ਸਹਿਮਤੀ ਜਤਾਈ ਹੈ। ਹਾਲਾਂਕਿ, ਬੈਠਕ ਮਗਰੋਂ ਸਾਊਦੀ ਨੇ ਅਚਾਨਕ ਉਤਪਾਦਨ ਵਿਚ ਵੱਡੀ ਕਟੌਤੀ ਨਾਲ ਬਾਜ਼ਾਰ ਨੂੰ ਹੈਰਾਨ ਕਰ ਦਿੱਤਾ। ਸਾਊਦੀ ਨੇ ਫਰਵਰੀ ਅਤੇ ਮਾਰਚ ਵਿਚ ਰੋਜ਼ਾਨਾ ਦੇ ਉਤਪਾਦਨ ਵਿਚ 10 ਲੱਖ ਬੈਰਲ ਦੀ ਕਟੌਤੀ ਕਰਨ ਦਾ ਇਕਤਰਫ਼ਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ- ਮੁਕੇਸ਼ ਅੰਬਾਨੀ ਨੂੰ ਦੋਹਰਾ ਝਟਕਾ, ਟਾਪ-10 ਅਮੀਰਾਂ ਦੀ ਸੂਚੀ ਤੋਂ ਵੀ ਹੋਏ ਬਾਹਰ

ਵਿਸ਼ਲੇਸ਼ਕਾਂ ਨੂੰ ਕੱਚੇ ਤੇਲ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਇਜ਼ਾਫ਼ਾ ਹੋਣ ਦਾ ਉਮੀਦ ਹੈ। ਇਸ ਤਰ੍ਹਾਂ ਹੁੰਦਾ ਹੈ ਤਾਂ ਪੈਟਰੋਲ-ਡੀਜ਼ਲ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਗੋਲਡਮੈਨ ਸਾਕਸ ਮੁਤਾਬਕ, ਸਾਲ ਦੇ ਅੰਤ ਤੱਕ ਬ੍ਰੈਂਟ 65 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦਾ ਹੈ। ਹਾਲਾਂਕਿ, ਸਾਊਦੀ ਦੇ ਤਾਜ਼ਾ ਕਦਮ ਨਾਲ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੁਣ ਵੀ ਹੁਲਾਰਾ ਮਿਲੇਗਾ। ਗੋਲਡਮੈਨ ਨੂੰ ਟੀਕਾਕਰਨ ਵਿਚ ਤੇਜ਼ੀ ਨਾਲ ਮਾਰਚ ਤੱਕ ਮੰਗ ਵਿਚ ਸੁਧਾਰ ਹੋਣ ਦੀ ਉਮੀਦ ਹੈ। ਗੌਰਤਲਬ ਹੈ ਕਿ ਬੁੱਧਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ 29 ਦਿਨਾਂ ਪਿੱਛੋਂ ਕੀਮਤਾਂ ਵਿਚ ਬਦਲਾਅ ਕਰਦੇ ਹੋਏ ਪੈਟਰੋਲ-ਡੀਜ਼ਲ ਕੀਮਤਾਂ ਵਿਚ ਵਾਧਾ ਕੀਤਾ ਹੈ। ਜੇਕਰ ਕੱਚਾ ਤੇਲ ਅਗਲੇ ਦਿਨਾਂ ਵਿਚ ਲਗਾਤਾਰ ਮਹਿੰਗਾ ਹੁੰਦਾ ਹੈ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! TATA ਸਫਾਰੀ ਦੀ ਵਾਪਸੀ, ਜਲਦ ਸ਼ੁਰੂ ਹੋਵੇਗੀ ਬੁਕਿੰਗ (ਵੀਡੀਓ)


author

Sanjeev

Content Editor

Related News