2014 ਤੋਂ ਬਾਅਦ ਕੱਚਾ ਤੇਲ ਹੋਇਆ ਸਭ ਤੋਂ ਮਹਿੰਗਾ ਪਰ ਪੈਟਰੋਲ-ਡੀਜ਼ਲ ਦੇ ਭਾਅ ਸਥਿਰ, ਜਾਣੋ ਵਜ੍ਹਾ

01/28/2022 5:53:54 PM

ਨਵੀਂ ਦਿੱਲੀ (ਭਾਸ਼ਾ) – ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਸੂਬਿਆਂ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ 83 ਦਿਨ ਤੋਂ ਸਥਿਰ ਹਨ ਜਦ ਕਿ ਇਸ ਦਰਮਿਆਨ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ 7 ਸਾਲਾਂ ’ਚ ਪਹਿਲੀ ਵਾਰ 90 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈ ਹੈ। ਯੂਕ੍ਰੇਨ ਅਤੇ ਰੂਸ ’ਚ ਤਨਾਅ ਦਰਮਿਆਨ ਵੀਰਵਾਰ ਨੂੰ ਕੌਮਾਂਤਰੀ ਤੇਲ ਮਾਪਦੰਡ ਬ੍ਰੇਂਟ ਕਰੂਡ ਦਾ ਭਾਅ ਵਧ ਕੇ 90.22 ਡਾਲਰ ਪ੍ਰਤੀ ਬੈਰਲ ਹੋ ਗਿਆ।

ਜ਼ਿਕਰਯੋਗ ਹੈ ਕਿ ਰੂਸ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਤੇਲ ਉਤਪਾਦਕ ਹੈ ਅਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਯੂਰਪ ਲਈ ਊਰਜਾ ਸਪਲਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਓਮੀਕ੍ਰੋਨ ਦੇ ਕਮਜ਼ੋਰ ਅਸਰ ਕਾਰਨ ਕੱਚੇ ਤੇਲ ’ਚ ਕੀਮਤਾਂ ’ਚ ਤੇਜ਼ੀ ਬਣੀ ਰਹੇਗੀ। ਦੂਜੇ ਪਾਸੇ ਘਰੇਲੂ ਬਾਜ਼ਾਰ ’ਚ ਈਂਧਨ ਦੀਆਂ ਕੀਮਤਾਂ ’ਚ ਪਿਛਲੇ 83 ਦਿਨ ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਜਦ ਕਿ ਇਹ ਸਿੱਧੇ ਕੌਮਾਂਤਰੀ ਤੇਲ ਦੀਆਂ ਕੀਮਤਾਂ ਨਾਲ ਜੁੜੀਆਂ ਹੋਈਆਂ ਹਨ।

ਇਹ ਵੀ ਪੜ੍ਹੋ : Budget 2022: ਇਸ ਵਾਰ ਵੀ ਗ੍ਰੀਨ ਬਜਟ ਪੇਸ਼ ਕਰਨਗੇ ਵਿੱਤ ਮੰਤਰੀ, ਹਲਵਾ ਸਮਾਰੋਹ ਹੋਇਆ ਰੱਦ

ਕੀਮਤਾਂ ’ਚ ਸਥਿਰਤਾ ਦੇ ਲਿਹਾਜ ਨਾਲ ਇਹ ਹੁਣ ਤੱਕ ਦੀ ਸਭ ਤੋਂ ਲੰਮੀ ਮਿਆਦ ਹੈ। ਇਸ ਤੋਂ ਪਹਿਲਾਂ 2020 ’ਚ ਲਗਾਤਾਰ 82 ਦਿਨ ਤੱਕ ਕੀਮਤਾਂ ’ਚ ਬਦਲਾਅ ਨਹੀਂ ਹੋਇਆ ਸੀ। ਦਿੱਲੀ ’ਚ ਪੈਟਰੋਲ ਦੀ ਕੀਮਤ 86.67 ਰੁਪਏ ਪ੍ਰਤੀ ਲਿਟਰ ਹੈ।

ਪੈਟਰੋਲੀਅਮ ਮੰਤਰਾਲਾ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ੇਸ਼ ਸੈੱਲ (ਪੀ. ਪੀ. ਏ. ਸੀ.) ਮੁਤਾਬਕ ਭਾਰਤ ਵਲੋਂ ਖਰੀਦੇ ਜਾਣ ਵਾਲੇ ਕੱਚੇ ਤੇਲ ਦੀ ਔਸਤ ਕੀਮਤ 26 ਜਨਵਰੀ ਨੂੰ 88,23 ਡਾਲਰ ਪ੍ਰਤੀ ਬੈਰਲ ਸੀ।

ਪੀ. ਪੀ. ਏ. ਸੀ. ਮੁਤਾਬਕ ਇਹ ਅੰਕੜਾ ਅਕਤੂਬਰ 2021 ’ਚ 74.85 ਡਾਲਰ ਪ੍ਰਤੀ ਬੈਰਲ, ਨਵੰਬਰ ’ਚ 74.47 ਡਾਲਰ ਪ੍ਰਤੀ ਬੈਰਲ ਅਤੇ ਦਸੰਬਰ ’ਚ 75.34 ਡਾਲਰ ਪ੍ਰਤੀ ਬੈਰਲ ਸੀ।

ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦਾ ਭਾਅ 2014 ਤੋਂ ਬਾਅਦ ਸਭ ਤੋਂ ਵੱਧ ਹੈ। ਉਦਯੋਗ ਸੂਤਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਣੀਪੁਰ ਅਤੇ ਉਤਰਾਖੰਡ ’ਚ ਵਿਧਾਨਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨ ਕੀਤੇ ਜਾਣਗੇ ਅਤੇ ਇਸ ਤੋਂ ਪਹਿਲਾਂ ਈਂਧਨ ਦੀਆਂ ਕੀਮਤਾਂ ’ਚ ਵਾਧੇ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : 69 ਸਾਲ ਬਾਅਦ ਟਾਟਾ ਦੀ ਹੋਈ AirIndia, ਹੈਂਡਓਵਰ ਤੋਂ ਪਹਿਲਾਂ PM ਮੋਦੀ ਨੂੰ ਮਿਲੇ ਟਾਟਾ ਸੰਨਜ਼ ਦੇ ਚੇਅਰਮੈਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News