ਭਾਰਤੀ ਬਰਾਮਦ ’ਤੇ ਸੰਕਟ ਦੇ ਬੱਦਲ, ਚੌਲਾਂ ਤੋਂ ਚਾਹ ਤੱਕ ਦੇ ਬਰਾਮਦਕਾਰ ਪ੍ਰੇਸ਼ਾਨ

Thursday, Sep 02, 2021 - 12:18 PM (IST)

ਜਲੰਧਰ (ਬਿ.ਡੈ.) – ਵਿਸ਼ਵ ਪੱਧਰ ’ਤੇ ਕੰਟੇਨਰਾਂ ਦੀ ਕਮੀ ਅਤੇ ਮਾਲ ਢੁਆਈ ਦਰਾਂ ’ਚ ਉਛਾਲ ਕਾਰਨ ਭਾਰਤੀ ਬਰਾਮਦ ’ਚ ਗਿਰਾਵਟ ਆਉਣ ਦੇ ਆਸਾਰ ਪੈਦਾ ਹੋ ਗਏ ਹਨ। ਉਦਯੋਗ ਨਾਲ ਜੁੜੇ ਲੋਕਾਂ ਨੇ ਇਸ ਸਮੱਸਿਆ ਦਾ ਹੱਲ ਕਰਨ ਲਈ ਸਰਕਾਰੀ ਦਖਲਅੰਦਾਜ਼ੀ ਰਾਹੀਂ ਮਦਦ ਦੀ ਮੰਗ ਕੀਤੀ ਹੈ। ਬਰਾਮਦਕਾਰਾਂ ਦਾ ਕਹਿਣਾ ਹੈ ਕਿ ਕੰਟੇਨਰ ਨੂੰ ਭਾਰਤ ਤੋਂ ਦੂਜੇ ਦੇਸ਼ਾਂ ’ਚ ਲਿਜਾਣ ਦੀ ਫੀਸ ਹੁਣ 7,000-10,000 ਡਾਲਰ ਹੋ ਗਈ ਹੈ ਜੋ 6 ਤੋਂ 8 ਮਹੀਨੇ ਪਹਿਲਾਂ ਕਰੀਬ 3,000-4,000 ਡਾਲਰ ਸੀ। ਬਰਾਮਦਕਾਰਾਂ ਨੂੰ ਚਿੰਤਾ ਹੈ ਕਿ ਵਧਦੀਆਂ ਕੰਟੇਨਰ ਦਰਾਂ ਅਤੇ ਕੰਟੇਨਰਾਂ ਦੀ ਕਮੀ ਦੀ ਦੋਹਰੀ ਮਾਰ ਨਾਲ ਦੇਸ਼ ਦੇ ਮਾਲ ਦੀ ਬਰਾਮਦ ’ਚ ਰੁਕਾਵਟ ਆਵੇਗੀ।

ਇਹ  ਵੀ ਪੜ੍ਹੋ: 1 ਸਤੰਬਰ ਤੋਂ ਹੋ ਰਹੇ ਹਨ ਕਈ ਜ਼ਰੂਰੀ ਬਦਲਾਅ, ਤੁਹਾਡੀ ਆਰਥਿਕ ਸਥਿਤੀ ਨੂੰ ਕਰਨਗੇ ਪ੍ਰਭਾਵਿਤ

ਵੱਖ-ਵੱਖ ਬੰਦਰਗਾਹਾਂ ’ਤੇ ਪਏ ਹਨ 25 ਤੋਂ 30 ਹਜ਼ਾਰ ਕੰਟੇਨਰ

ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟਸ ਆਰਗਨਾਈਜੇਸ਼ਨ (ਫੀਓ) ਅਤੇ ਹੋਰ ਉਦਯੋਗ ਸੰਸਥਾਵਾਂ ਨੇ ਕੇਂਦਰ ਨਾਲ ਇਸ ਮੁੱਦੇ ਨੂੰ ਚੁੱਕਿਆ ਹੈ ਅਤੇ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ। ਚਾਹ ਬਰਾਮਦਕਾਰਾਂ ਨੇ ਟ੍ਰਾਂਸਪੋਰਟ ਅਤੇ ਮਾਰਕੀਟਿੰਗ ਮਦਦ (ਟੀ. ਐੱਮ. ਏ.) ਯੋਜਨਾ ਦੀ ਲਿਮਿਟ ਨੂੰ ਵਧਾਉਣ ਦੀ ਮੰਗ ਕੀਤੀ ਹੈ।

ਫੀਓ ਦੇ ਡਾਇਰੈਕਟਰ ਜਨਰਲ ਅਜੇ ਸਹਾਏ ਨੇ ਕਿਹਾ ਕਿ ਦੇਸ਼ ’ਚ ਵੱਖ-ਵੱਖ ਬੰਦਰਗਾਹਾਂ ’ਤੇ 25,000-30,000 ਕੰਟੇਨਰ ਪਏ ਹਨ, ਜਿਨ੍ਹਾਂ ਨੂੰ ਕਸਟਮ ਅਤੇ ਹੋਰ ਵਿਭਾਗਾਂ ਨਾਲ ਕੁਝ ਵਿਵਾਦਾਂ ਕਾਰਨ ਅਨਲੋਡ ਨਹੀਂ ਕੀਤਾ ਜਾ ਰਿਹਾ ਹੈ। ਉਹ ਦੱਸਦੇ ਹਨ ਕਿ ਅਸੀਂ ਸਰਕਾਰ ਨੂੰ ਦਖਲਅੰਦਾਜ਼ੀ ਕਰਨ ਲਈ ਕਿਹਾ ਹੈ। ਕੰਟੇਨਰਾਂ ਨੂੰ ਕੁੱਝ ਨਿੱਜੀ ਗੋਦਾਮਾਂ ’ਚ ਉਤਾਰਿਆ ਜਾ ਸਕਦਾ ਹੈ ਅਤੇ ਫਿਰ ਬਰਾਮਦਕਾਰਾਂ ਵਲੋਂ ਵਰਤਿਆ ਜਾ ਸਕਦਾ ਹੈ।

ਇਹ  ਵੀ ਪੜ੍ਹੋ: 1 ਮਹੀਨੇ ਬਾਅਦ ਕਰਨੀ ਹੋਵੇਗੀ 12 ਘੰਟੇ ਨੌਕਰੀ, ਘਟੇਗੀ ਤਨਖ਼ਾਹ ਤੇ ਵਧੇਗਾ PF

ਕੰਟੇਨਰ ਦਰਾਂ ’ਚ ਤਿੰਨ ਗੁਣਾ ਵਾਧੇ ਨਾਲ ਸ਼ਿਪਿੰਗ ’ਚ ਦੇਰੀ

ਰੈਡੀਮੇਡ ਕੱਪੜਿਆਂ ਦੇ ਸਭ ਤੋਂ ਵੱਡੇ ਭਾਰਤੀ ਬਰਾਮਦਕਾਰਾਂ ’ਚੋਂ ਇਕ ਗੋਕੁਲਦਾਸ ਐਕਸਪੋਰਟਸ ਦੇ ਪ੍ਰਧਾਨ ਪੂਰਣਾ ਸੇਨਿਵਾਸਨ ਐੱਸ. ਨੇ ਕਿਹਾ ਕਿ ਕੰਟੇਨਰ ਦਰਾਂ ’ਚ ਤਿੰਨ ਗੁਣਾ ਵਾਧਾ ਅਤੇ ਕਮੀ ਕਾਰਨ ਸ਼ਿਪਿੰਗ ’ਚ ਦੇਰੀ ਹੋ ਰਹੀ ਹੈ। ਉਹ ਕਹਿੰਦੇ ਹਨ ਕਿ ਅਮਰੀਕਾ ’ਚ ਪ੍ਰਚੂਨ ਬਾਜ਼ਾਰ ’ਚ ਤੇਜ਼ੀ ਆਈ ਹੈ ਅਤੇ ਉਨ੍ਹਾਂ ਨੂੰ ਸਾਮਾਨ ਦੀ ਲੋੜ ਹੈ।

ਸੇਨਿਵਾਸਨ ਕਹਿੰਦੇ ਹਨ ਕਿ ਮੰਗ ਨੂੰ ਦੇਖਦੇ ਹੋਏ ਉਹ ਵਾਧੂ ਸ਼ਿਪਿੰਗ ਚਾਰਜਿਜ਼ ਦਾ ਭੁਗਤਾਨ ਕਰ ਰਹੇ ਹਨ ਪਰ ਕੰਟੇਨਰ ਹਾਸਲ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਹ ਦੱਸਦੇ ਹਨ ਕਿ ਅਸੀਂ ਪਹਿਲਾਂ ਚੇਨਈ ਅਤੇ ਤੂਤੀਕੋਰਿਨ ’ਚ ਬੰਦਰਗਾਹਾਂ ਦੀ ਵਰਤੋਂ ਕਰ ਰਹੇ ਸੀ ਪਰ ਹੁਣ ਮੁੰਬਈ ਵਰਗੀ ਕਿਸੇ ਵੀ ਬੰਦਰਗਾਹ ਤੋਂ ਸ਼ਿਪਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿੱਥੋਂ ਅਸੀਂ ਕੰਟੇਨਰ ਪ੍ਰਾਪਤ ਕਰਨੇ ਹਨ। ਸੇਨਿਵਾਸਨ ਨੇ ਕਿਹਾ ਕਿ ਕੁਝ ਹਫਤੇ ਪਹਿਲਾਂ ਕੰਟੇਨਰ ਫੀਸ ਰਿਕਾਰਡ 15,000 ਡਾਲਰ ਤੱਕ ਪਹੁੰਚ ਗਿਆ ਸੀ।

ਇਹ  ਵੀ ਪੜ੍ਹੋ: ਪੈਟਰੋਲ 'ਚ ਈਥੇਨੌਲ ਦੀ ਵਰਤੋਂ ਵਧਾ ਕੇ ਘਟ ਸਕਦੀਆਂ ਨੇ ਕੀਮਤਾਂ ਪਰ ਕਰਨੀ ਪਵੇਗੀ ਇਹ ਸੋਧ

ਚੌਲਾਂ ਤੋਂ ਚਾਹ ਤੱਕ ਦੇ ਬਰਾਮਦਕਾਰ ਵੀ ਪ੍ਰੇਸ਼ਾਨ

ਇਲੈਕਟ੍ਰਾਨਿਕਸ ਉਦਯੋਗ ਸੰਸਥਾ ਕੰਜਿਊਮਰ ਇਲੈਕਟ੍ਰਾਨਿਕਸ ਐਂਡ ਅਪਲਾਇੰਸੇਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਨੰਦੀ ਨੇ ਕਿਹਾ ਕਿ ਭਾਰਤ ’ਚ ਬਹੁਤ ਘੱਟ ਕੰਟੇਨਰ ਮੁਹੱਈਆ ਹਨ ਕਿਉਂਕਿ ਜ਼ਿਆਦਾਤਰ ਅਮਰੀਕਾ ਅਤੇ ਯੂਰਪ ’ਚ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਗਸਤ ’ਚ ਬਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹਾਲਾਤ ਇਹ ਹਨ ਕਿ ਅਮਰੀਕਾ ਦੇ ਪੱਛਮੀ ਤੱਟ ਦੇ ਲੋਕਾਂ ਨੇ ਭਾਰਤ ਤੋਂ ਚਾਹ ਨਾ ਚੁੱਕਣ ਦੀ ਧਮਕੀ ਦਿੱਤੀ ਹੈ।

ਇੰਡੀਅਨ ਟੀ. ਐਕਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਅੰਸ਼ੁਮਾਨ ਕਨੋਰੀਆ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਕੋਲਕਾਤਾ ਬੰਦਰਗਾਹ ’ਤੇ ਸ਼ਾਇਦ ਹੀ ਕੋਈ ਕੰਟੇਨਰ ਹੈ, ਜਿੱਥੋਂ ਜ਼ਿਆਦਾਤਰ ਚਾਹ ਵਿਸ਼ਵ ਦੇ ਬਾਜ਼ਾਰਾਂ ’ਚ ਜਾਂਦੀ ਹੈ। ਅਖਿਲ ਭਾਰਤੀ ਚੌਲ ਬਰਾਮਦਕਾਰ ਸੰਘ ਕਾਰਜਕਾਰੀ ਡਾਇਰੈਕਟਰ ਵਿਨੋਦ ਕੌਲ ਦਾ ਕਹਿਣਾ ਹੈ ਕਿ ਇਸ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ ਬਾਸਮਤੀ ਚੌਲਾਂ ਦੀ ਬਰਾਮਦ ’ਚ 17 ਫੀਸਦੀ ਦੀ ਗਿਰਾਵਟ ਆਈ ਹੈ।

ਇਹ  ਵੀ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਦਾ ਸਹਿਮ : ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News