ਅਡਾਨੀ ਗਰੁੱਪ ਦੇ ਭਾਰਤੀ ਕਰਜ਼ੇ ’ਤੇ ਕ੍ਰੈਡਿਟ ਏਜੰਸੀ ਨੇ ਪ੍ਰਗਟਾਈ ਚਿੰਤਾ, ਨਿਵੇਸ਼ ਰਣਨੀਤੀ ’ਤੇ ਵੀ ਉਠਾਏ ਸਵਾਲ

Wednesday, Aug 24, 2022 - 03:59 PM (IST)

ਅਡਾਨੀ ਗਰੁੱਪ ਦੇ ਭਾਰਤੀ ਕਰਜ਼ੇ ’ਤੇ ਕ੍ਰੈਡਿਟ ਏਜੰਸੀ ਨੇ ਪ੍ਰਗਟਾਈ ਚਿੰਤਾ, ਨਿਵੇਸ਼ ਰਣਨੀਤੀ ’ਤੇ ਵੀ ਉਠਾਏ ਸਵਾਲ

ਨਵੀਂ ਦਿੱਲੀ–ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੇ ਅਡਾਨੀ ਗਰੁੱਪ ’ਤੇ ਕਰਜ਼ੇ ਦਾ ਭਾਰੀ ਬੋਝ ਹੈ। ਇਹ ਗਰੁੱਪ ਲਗਾਤਾਰ ਮੌਜੂਦਾ ਅਤੇ ਨਵੇਂ ਕਾਰੋਬਾਰ ’ਚ ਵੱਡੀ ਪੱਧਰ ’ਤੇ ਨਿਵੇਸ਼ ਕਰ ਰਿਹਾ ਹੈ, ਜਿਸ ਦੀ ਫੰਡਿੰਗ ਮੁੱਖ ਤੌਰ ’ਤੇ ਕਰਜ਼ੇ ਰਾਹੀਂ ਹੋ ਰਹੀ ਹੈ। ਇਸ ਕਾਰਨ ਇਹ ਗਰੁੱਪ ਬਹੁਤ ਜ਼ਿਆਦਾ ਕਰਜ਼ਾਈ ਹੋ ਚੁੱਕਾ ਹੈ। ਇਹ ਗੱਲਾਂ ਗਲੋਬਲ ਕ੍ਰੈਡਿਟ ਰੇਟਿੰਗ ਅਤੇ ਰਿਸਰਚ ਕੰਪਨੀ ਫਿਚ ਗਰੁੱਪ ਦੀ ਇਕ ਇਕਾਈ ਕ੍ਰੈਡਿਟਸਾਈਟਸ ਨੇ ਆਪਣੀ ਤਾਜ਼ਾ ਰਿਪੋਰਟ ’ਚ ਕਹੀਆਂ ਹਨ।
ਇਸ ਰਿਪੋਰਟ ’ਚ ਅਡਾਨੀ ਗਰੁੱਪ ’ਤੇ ਭਾਰੀ ਕਰਜ਼ੇ ਦਾ ਜ਼ਿਕਰ ਕਰਦੇ ਹੋਏ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਹਾਲਾਤ ਵਿਗੜਨ ’ਤੇ ਇਹ ਸਮੂਹ ਕਰਜ਼ੇ ਦੇ ਜਾਲ ’ਚ ਫਸ ਸਕਦਾ ਹੈ ਅਤੇ ਡਿਫਾਲਟਰ ਵੀ ਹੋ ਸਕਦਾ ਹੈ। ਰਿਪੋਰਟ ਮੁਤਾਬਕ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਤੇ ਕੁੱਲ ਮਿਲਾ ਕੇ 2.3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ।
ਬੈਂਕਾਂ ਅਤੇ ਸਰਕਾਰ ਨਾਲ ਬਿਹਤਰ ਸਬੰਧ ਰਾਹਤ ਦੀ ਗੱਲ
ਹਾਲਾਂਕਿ ਕ੍ਰੈਡਿਟਸਾਈਟਸ ਨੇ ਆਪਣੀ ਰਿਪੋਰਟ ’ਚ ਅਡਾਨੀ ਗਰੁੱਪ ’ਤੇ ਕਰਜ਼ੇ ਦੇ ਭਾਰੀ ਬੋਝ ਬਾਰੇ ਚਿੰਤਾ ਪ੍ਰਗਟਾਉਣ ਦੇ ਨਾਲ ਹੀ ਇਹ ਵੀ ਕਿਹਾ ਕਿ ਇਸ ਉਦਯੋਗ ਸਮੂਹ ਦੇ ਭਾਰਤੀ ਬੈਂਕਾਂ ਅਤੇ ਸਰਕਾਰ ਨਾਲ ਬਿਹਤਰ ਸਬੰਧ ਹਨ ਜੋ ਉਸ ਲਈ ਰਾਹਤ ਦੀ ਗੱਲ ਹੈ। ਅਡਾਨੀ ਗਰੁੱਪ ਦੇ ਪ੍ਰਤੀਨਿਧੀਆਂ ਨੇ ਇਸ ਰਿਪੋਰਟ ਬਾਰੇ ਹੁਣ ਤੱਕ ਕਈ ਟਿੱਪਣੀ ਨਹੀਂ ਕੀਤੀ ਹੈ। ਇਹ ਰਿਪੋਰਟ ਅਜਿਹੇ ਸਮੇਂ ’ਚ ਆਈ ਹੈ ਜਦੋਂ ਅਡਾਨੀ ਗਰੁੱਪ ਟੈਲੀਕਾਮ, ਸੀਮੈਂਟ, ਬਿਜਲੀ ਤੋਂ ਲੈ ਕੇ ਲਾਂਗ-ਟਰਮ ਬੁਨਿਆਦੀ ਢਾਂਚੇ ਨਾਲ ਜੁੜੇ ਕਈ ਪ੍ਰਾਜੈਕਟਸ ’ਚ ਲਗਾਤਾਰ ਵੱਡੇ-ਵੱਡੇ ਨਿਵੇਸ਼ ਕਰ ਰਿਹਾ ਹੈ। ਅੱਜ ਅਡਾਨੀ ਗਰੁੱਪ ਦੀ ਸਾਰੀਆਂ 7 ਲਿਸਟਿਡ ਕੰਪਨੀਆਂ ਦੇ ਸ਼ੇਅਰ 2 ਤੋਂ 7 ਫੀਸਦੀ ਤੱਕ ਡਿਗ ਗਏ।
ਅਡਾਨੀ ਸਮੂਹ ਦੀਆਂ ਕੰਪਨੀਆਂ ਨੇ ਐੱਨ. ਡੀ. ਟੀ. ਵੀ. ’ਚ 26 ਫੀਸਦੀ ਵਾਧੂ ਹਿੱਸੇਦਾਰੀ ਲਈ ਖੁੱਲ੍ਹੀ ਪੇਸ਼ਕਸ਼ ਕੀਤੀ
ਅਡਾਨੀ ਸਮੂਹ ਦੀਆਂ ਕੰਪਨੀਆਂ ਨੇ ਨਿਊ ਦਿੱਲੀ ਟੈਲੀਵਿਜ਼ਨ ਲਿਮ. (ਐੱਨ. ਡੀ. ਟੀ. ਵੀ.) ਵਿਚ 26 ਫੀਸਦੀ ਹਿੱਸੇਦਾਰੀ ਦੀ ਪ੍ਰਾਪਤੀ ਲਈ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਮੀਡੀਆ ਅਤੇ ਸਮਾਚਾਰ ਪ੍ਰਸਾਰਣ ਕੰਪਨੀ ’ਚ ਅਸਿੱਧੇ ਤੌਰ ’ਤੇ 29.18 ਫੀਸਦੀ ਹਿੱੇਦਾਰੀ ਲੈਣ ਤੋਂ ਬਾਅਦ ਇਹ ਪੇਸ਼ਕਸ਼ ਕੀਤੀ ਹੈ। ਤਿੰਨ ਕੰਪਨੀਆਂ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮ. ਨਾਲ ਏ. ਐੱਮ. ਜੀ. ਮੀਡੀਆ ਨੈੱਟਵਰਕਸ ਅਤੇ ਅਡਾਨੀ ਐਂਟਰਪ੍ਰਾਈਜਿਜ਼ ਲਿਮ. ਨੇ 4 ਰੁਪਏ ਜਾਰੀ ਮੁੱਲ ਦੇ ਐੱਨ. ਡੀ. ਟੀ. ਵੀ. ਦੇ 1,67,62,530 ਪੂਰੀ ਤਰ੍ਹਾਂ ਭੁਗਤਾਨ ਕੀਤੇ ਗਏ ਇਕਵਿਟੀ ਸ਼ੇਅਰ ਜਨਤਕ ਸ਼ੇਅਰਧਾਰਕਾਂ ਤੋਂ ਖਰੀਦਣ ਲਈ 294 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ ਦੀ ਪੇਸ਼ਕਸ਼ ਕੀਤੀ ਹੈ। ਜੇ. ਐੱਮ. ਫਾਈਨਾਂਸ਼ੀਅਲ ਲਿਮ. ਨੇ ਇਹ ਐਲਾਨ ਕੀਤਾ।
ਕੰਪਨੀ ਐਕਵਾਇਰ ਕਰਨ ਵਾਲੀਆਂ ਇਕਾਈਆਂ ਵਲੋਂ ਪੇਸ਼ਕਸ਼ ਦਾ ਪ੍ਰਬੰਧਨ ਕਰ ਰਹੀ ਹੈ। ਪੇਸ਼ਕਸ਼ ’ਚ ਕਿਹਾ ਗਿਆ ਹੈ ਕਿ ਪੇਸ਼ਕਸ਼ ਮੁੱਲ ਸੇਬੀ (ਐੱਸ. ਏ. ਐੱਸ. ਟੀ.) ਨਿਯਮ ਦੇ 8 (2) ਨਿਯਮ ਮੁਤਾਬਕ ਨਿਰਧਾਰਤ ਕੀਮਤ ਤੋਂ ਵੱਧ ਹੈ। ਐੱਨ. ਡੀ. ਟੀ. ਵੀ. ਦਾ ਸ਼ੇਅਰ ਮੰਗਲਵਾਰ ਨੂੰ ਬੀ. ਐੱਸ. ਈ. ’ਚ 2.61 ਫੀਸਦੀ ਦੀ ਬੜ੍ਹਤ ਨਾਲ 366.20 ਰੁਪਏ ’ਤੇ ਬੰਦ ਹੋਇਆ। ਕੰਪਨੀ ਦੀ ਆਮਦਨ ਵਿੱਤੀ ਸਾਲ 2021-22 ’ਚ 230.91 ਕਰੋੜ ਰੁਪਏ ਸੀ।


author

Aarti dhillon

Content Editor

Related News