ਸਰਕਾਰ ਵੱਲੋਂ ਭਾਰਤ ਦਾ ਇਹ ਪਹਿਲਾ ਪੇਂਟ ਲਾਂਚ, 210 ਰੁ: 'ਚ ਮਿਲੇਗਾ ਲਿਟਰ

01/13/2021 7:35:41 PM

ਨਵੀਂ ਦਿੱਲੀ- ਸੜਕ ਆਵਾਜਾਈ ਅਤੇ ਰਾਜਮਾਰਗ ਅਤੇ ਐੱਮ. ਐੱਸ. ਐੱਮ. ਈ. ਮੰਤਰੀ ਨਿਤਿਨ ਗਡਕਰੀ ਨੇ 12 ਜਨਵਰੀ ਨੂੰ ਭਾਰਤ ਦਾ ਪਹਿਲਾ ਇਕ ਵਾਤਾਵਰਣ ਪੱਖੀ ਪੇਂਟ ਲਾਂਚ ਕੀਤਾ ਹੈ। ਇਹ ਪੇਂਟ ਗਾਂ ਦੇ ਗੋਹੇ ਤੋਂ ਬਣਿਆ ਹੈ ਜੋ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ. ਵੀ. ਆਈ. ਸੀ.) ਵੱਲੋਂ ਤਿਆਰ ਕੀਤਾ ਗਿਆ ਹੈ।

'ਖਾਦੀ ਪ੍ਰਕ੍ਰਿਤਿਕ ਪੇਂਟ' ਵਿਚ ਐਂਟੀ-ਫੰਗਲ ਅਤੇ ਐਂਟੀ-ਬੈਕਟਰੀਆ ਗੁਣ ਹਨ। ਇਸ ਪੇਂਟ ਨੂੰ ਸਸਤਾ ਅਤੇ ਗੰਧਹੀਣ ਵੀ ਦੱਸਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਬਿਊਰੋ ਆਫ ਇੰਡੀਅਨ ਸਟੈਂਡਰਡ (ਬੀ. ਆਈ. ਐੱਸ.) ਵੱਲੋਂ ਵੀ ਇਸ ਨੂੰ ਪ੍ਰਮਾਣਿਤ ਕੀਤਾ ਗਿਆ ਹੈ।

 

ਇਹ ਪੇਂਟ ਦੋ ਰੂਪਾਂ ਵਿਚ ਉਪਲੱਬਧ ਹੋਵੇਗਾ। ਇਸ ਪੇਂਟ ਵਿਚ ਤੁਸੀਂ ਜ਼ਰੂਰਤ ਦੇ ਹਿਸਾਬ ਨਾਲ ਰੰਗ ਵੀ ਮਿਲਾ ਸਕਦੇ ਹੋ। ਇਸ ਦੀ ਕੀਮਤ 210 ਰੁਪਏ ਅਤੇ 225 ਰੁਪਏ ਪ੍ਰਤੀ ਲਿਟਰ ਵਿਚਕਾਰ ਰੱਖੀ ਗਈ ਹੈ। ਕੰਧ 'ਤੇ ਰੰਗ ਕਰਨ ਪਿੱਛੋਂ ਇਹ ਸਿਰਫ਼ ਚਾਰ ਘੰਟੇ ਵਿਚ ਸੁੱਕ ਜਾਵੇਗਾ। ਸਰਕਾਰ ਮੁਤਾਬਕ, ਇਸ ਪੇਂਟ ਦੇ ਟੈਸਟ ਤਿੰਨ ਰਾਸ਼ਟਰੀ ਲੈਬਾਰਟਰੀਆਂ- ਨੈਸ਼ਨਲ ਟੈਸਟ ਹਾਊਸ, ਮੁੰਬਈ; ਸ਼੍ਰੀਰਾਮ ਇੰਸਟੀਚਿਊਟ ਫਾਰ ਇੰਡਸਟਰੀਅਲ ਰਿਸਰਚ, ਨਵੀਂ ਦਿੱਲੀ ਅਤੇ ਨੈਸ਼ਨਲ ਟੈਸਟ ਹਾਊਸ, ਗਾਜ਼ੀਆਬਾਦ ਵਿਚ ਕੀਤਾ ਗਿਆ ਹੈ। ਇਸ ਪੇਂਟ ਦਾ ਇਸਤੇਮਾਲ ਅੰਦਰ ਅਤੇ ਬਾਹਰੀ ਕੰਧਾਂ 'ਤੇ ਕੀਤਾ ਜਾ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਕਮਾਈ ਦਾ ਮੌਕਾ ਮਿਲੇਗਾ।


Sanjeev

Content Editor

Related News