PM ਮੋਦੀ ਨੇ ਦੇਸ਼ ਦੀ ਖਾਤਰ ਟਰੰਪ ਦੀ ਨਹੀਂ ਮੰਨੀ ਡਿਮਾਂਡ, ਇਸ ਦਵਾਈ ਦੀ ਬਰਾਮਦ ਰੋਕੀ
Sunday, Apr 05, 2020 - 09:42 PM (IST)
ਨਵੀਂ ਦਿੱਲੀ : ਸਰਕਾਰ ਨੇ ਭਾਰਤ ਵਿਚ ਕੋਰੋਨਾ ਵਾਇਰਸ ਸੰਕ੍ਰਮਿਤਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਮਲੇਰੀਆ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਹਾਈਡ੍ਰੋਕਸੀਕਲੋਰੋਕਾਈਨ (Hydroxycloroquine) ਟੈਬਲੇਟਸ ਦੀ ਬਰਾਮਦ 'ਤੇ ਪਾਬੰਦੀ ਨੂੰ ਹੋਰ ਸਖਤ ਕਰ ਦਿੱਤਾ ਹੈ, ਤਾਂ ਜੋ ਕੋਰੋਨਾ ਵਾਇਰਸ ਸੰਕਟ ਦੌਰਾਨ ਇਸ ਦੀ ਕੋਈ ਘਾਟ ਨਾ ਹੋਵੇ।
ਕੋਰੋਨਾ ਵਾਇਰਸ ਮਹਾਂਮਾਰੀ ਵਿਚਕਾਰ ਹਾਈਡ੍ਰੋਕਸੀਕਲੋਰੋਕਾਈਨ ਦੀ ਮੰਗ ਕਾਫੀ ਵੱਧ ਗਈ ਸੀ, ਜਿਸ ਕਾਰਨ ਸਰਕਾਰ ਨੂੰ ਇਸ ਦੀ ਬਰਾਮਦ ਪੂਰੀ ਤਰ੍ਹਾਂ ਬੰਦ ਕਰਨੀ ਪਈ ਹੈ।
ਸਰਕਾਰ ਇਹ ਯਕੀਨੀ ਕਰਨਾ ਚਾਹੁੰਦੀ ਹੈ ਕਿ ਦੇਸ਼ ਵਿਚ ਜ਼ਰੂਰੀ ਦਵਾਈਆਂ ਦੀ ਇਸ ਸੰਕਟ ਦੌਰਾਨ ਕਮੀ ਨਾ ਹੋਵੇ। ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨੀਵਾਰ ਹੀ ਗੁਜ਼ਾਰਿਸ਼ ਕੀਤੀ ਸੀ ਕਿ ਉਨ੍ਹਾਂ ਨੂੰ ਵੀ ਇਸ ਦੀ ਖੇਪ ਭੇਜੀ ਜਾਵੇ, ਤਾਂ ਕਿ ਕੋਵਿਡ-19 ਪੀੜਤਾਂ ਦਾ ਸੰਭਾਵਿਤ ਬਿਹਤਰ ਇਲਾਜ ਕਰ ਸਕੀਏ। ਹਾਲਾਂਕਿ ਵਿਸ਼ਵ ਪੱਧਰ 'ਤੇ ਲਾਕਡਾਊਨ ਕਾਰਨ ਭਾਰਤੀ ਦਵਾਈ ਨਿਰਮਾਤਾ ਕੰਪਨੀਆਂ ਲਈ ਕੱਚੇ ਮਾਲ ਦੀ ਕਮੀ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਕਿਸੇ ਵੀ ਰਸਤਿਓਂ ਇਸ ਦੀ ਬਰਾਮਦ ਹੋਣ 'ਤੇ ਪਾਬੰਦੀ ਸਖਤ ਕਰ ਦਿੱਤੀ ਹੈ, ਤਾਂ ਜੋ ਦੇਸ਼ ਵਿਚ ਇਸ ਦੀ ਕਮੀ ਨਾ ਹੋਵੇ।
ਵਿਦੇਸ਼ੀ ਵਪਾਰ ਜਨਰਲ ਡਾਇਰੈਕਟੋਰੇਟ ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ, "ਹਾਈਡ੍ਰੋਕਸੀਕਲੋਰੋਕਾਈਨ ਤੇ ਇਸ ਤੋਂ ਬਣਨ ਵਾਲੀਆਂ ਹੋਰ ਦਵਾਈਆਂ ਦੀ ਬਰਾਮਦ ਹੁਣ ਸਪੈਸ਼ਲ ਇਕਨੋਮਿਕ ਜ਼ੋਨ (SEZ) ਤੋਂ ਵੀ ਨਹੀਂ ਹੋ ਸਕੇਗੀ, ਭਾਵੇਂ ਹੀ ਇਸ ਲਈ ਪਹਿਲਾਂ ਮਨਜ਼ੂਰੀ ਮਿਲ ਚੁੱਕੀ ਸੀ ਜਾਂ ਭੁਗਤਾਨ ਹੋ ਚੁੱਕਾ ਹੋਵੇ। ਬਰਾਮਦ 'ਤੇ ਬਿਨਾਂ ਕਿਸੇ ਛੋਟ ਦੇ ਪਾਬੰਦੀ ਰਹੇਗੀ" ਭਾਰਤ ਨੇ 25 ਮਾਰਚ ਨੂੰ ਹੀ ਇਸ ਦੀ ਬਰਾਮਦ 'ਤੇ ਰੋਕ ਲਾ ਦਿੱਤੀ ਸੀ ਪਰ ਇਹ SEZ 'ਤੇ ਲਾਗੂ ਨਹੀਂ ਹੋਈ ਸੀ, ਜੋ ਹੁਣ ਕਰ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਕਿ ਇਸ ਦੀ ਲੋੜੀਂਦੀ ਉਪਲੱਧਤਾ ਯਕੀਨੀ ਕਰਨ ਲਈ ਤਤਕਾਲ ਪ੍ਰਭਾਵ ਨਾਲ ਇਸ 'ਤੇ ਰੋਕ ਲਾਉਣਾ ਜ਼ਰੂਰੀ ਸੀ।
ਭਾਰਤੀ ਮੈਡੀਕਲ ਰਿਸਰਚ ਕੌਂਸਲ ਨੇ ਕੋਰੋਨਾ ਵਾਇਰਸ ਦੇ ਸ਼ੱਕੀ ਜਾਂ ਪੁਸ਼ਟੀ ਮਾਮਲਿਆਂ ਦੀ ਦੇਖਭਾਲ ਕਰਨ ਵਾਲੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਹਾਈਡ੍ਰੋਕਸੀਕਲੋਰੋਕਾਈਨ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਦਵਾਈ ਦਾ ਇਸਤੇਮਾਲ ਤੁਸੀਂ ਡਾਕਟਰ ਤੋਂ ਬਿਨਾਂ ਨਹੀਂ ਕਰ ਸਕਦੇ।ਇਹ ਸਿਰਫ ਇਲਾਜ ਵਿਚ ਇਕ ਮਦਦਗਾਰ ਦੱਸੀ ਜਾ ਰਹੀ ਹੈ, ਜਦੋਂ ਕਿ ਕੋਰੋਨਾ ਦਾ ਹੁਣ ਤੱਕ ਕੋਈ ਪੱਕਾ ਇਲਾਜ ਨਹੀਂ ਹੈ।