ਅਦਾਲਤ ਨੇ ਵਿਅਕਤੀਆਂ ਅਤੇ ਫਰਮਾਂ ਨੂੰ ਅਣਅਧਿਕਾਰਤ ਤੌਰ ’ਤੇ ਖਾਦੀ ਬ੍ਰਾਂਡ ਦਾ ਇਸਤੇਮਾਲ ਕਰਨ ਤੋਂ ਰੋਕਿਆ
Thursday, May 20, 2021 - 06:53 PM (IST)
ਨਵੀਂ ਦਿੱਲੀ (ਭਾਸ਼ਾ) – ਇੰਟਰਨੈੱਟ ਡੋਮੇਨ ਵਿਵਾਦ ਨਾਲ ਸਬੰਧਤ ਇਕ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਖਾਦੀ ਇਕ ਆਮ ਨਾਂ ਨਹੀਂ ਹੈ ਅਤੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ. ਵੀ. ਆਈ. ਸੀ.) ਕੋਲ ਟ੍ਰੇਡਮਾਰਕ ‘ਖਾਦੀ’ ਅਤੇ ‘ਖਾਦੀ ਇੱੰਡੀਆ’ ਦੀ ਮਾਲਕੀਅਤ ਹੈ।
ਭਾਰਤ ’ਚ ਇੰਟਰਨੈੱਟ ਡੋਮੇਨ ਵਿਵਾਦ ਨੀਤੀ ਆਈ. ਐੱਨ. ਡੀ. ਆਰ. ਪੀ. ਨਾਲ ਸਬੰਧਤ ਆਰਬਿਟਰੇਸ਼ਨ ਕੋਰਟ ਨੇ ਇਕ ਨਿੱਜੀ ਸੰਸਥਾ ਦੇ ਇਸ ਤਰਕ ਨੂੰ ਖਾਰਜ ਕਰ ਦਿੱਤਾ ਕਿ ‘ਖਾਦੀ’ ਇਕ ਆਮ ਸ਼ਬਦ ਹੈ ਅਤੇ ਕਿਹਾ ਕਿ ਕਿਸੇ ਹੋਰ ਵਲੋਂ ਇਸ ਲੋਕਪ੍ਰਿਯ ਬ੍ਰਾਂਡ ਦਾ ਇਸਤੇਮਾਲ ਕੇ. ਵੀ. ਆਈ. ਸੀ. ਦੇ ਸਾਮਾਨ/ਸੇਵਾਵਾਂ ਦੇ ਮੁਕਾਬਲੇ ਭਰਮ ਅਤੇ ਧੋਖਾ ਪੈਦਾ ਕਰ ਸਕਦਾ ਹੈ। ਇਹ ਆਦੇਸ਼ ਕੇ. ਵੀ. ਆਈ. ਸੀ. ਦੀ ਪਟਿਸ਼ਨ ’ਤੇ ਆਇਆ, ਜਿਸ ’ਚ ਦਿੱਲੀ ਦੇ ਕਾਰੋਬਾਰੀ ਜਤਿੰਦਰ ਜੈਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਸੰਚਾਲਿਤ ਡੋਮੇਨ ਨਾਂ ‘ਖਾਦੀ ਡਾਟ ਇਨ’ ਨੂੰ ਚੁਣੌਤੀ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਕਿ ਇਹ ਡੋਮੇਨ ਨਾਂ ਗਲਤ ਇਰਾਦੇ ਨਾਲ ਹਾਸਲ ਕੀਤਾ ਗਿਆ। ਅਦਾਲਤ ਨੇ ਆਪਣੇ ਫੈਸਲੇ ’ਚ ਇਸ ਡੋਮੇਨ ਨਾਂ ਨੂੰ ਕੇ. ਵੀ. ਆਈ. ਸੀ. ਨੂੰ ਟ੍ਰਾਂਸਫਰ ਕਰਨ ਦਾ ਆਦੇਸ਼ ਵੀ ਦਿੱਤਾ।