‘ਦੀਵਾਲੀ ’ਤੇ ਰੂੰ ਦੀਆਂ ਕੀਮਤਾਂ ’ਚ 400 ਰੁਪਏ ਮਣ ਦੀ ਤੇਜ਼ੀ’

Monday, Nov 16, 2020 - 02:25 PM (IST)

‘ਦੀਵਾਲੀ ’ਤੇ ਰੂੰ ਦੀਆਂ ਕੀਮਤਾਂ ’ਚ 400 ਰੁਪਏ ਮਣ ਦੀ ਤੇਜ਼ੀ’

ਜੈਤੋ (ਪਰਾਸ਼ਰ) - ਉੱਤਰੀ ਖੇਤਰੀ ਸੂਬਿਆਂ, ਜਿਨ੍ਹਾਂ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ, ਦੀਆਂ ਮੰਡੀਆਂ ’ਚ ਇਸ ਸਾਲ ਦੀਵਾਲੀ ਮੌਕੇ ਰੂੰ ਕੀਮਤਾਂ ’ਚ ਪਿਛਲੇ ਸਾਲ ਦੀ ਤੁਲਣਾ ’ਚ ਲੱਗਭੱਗ 305 ਤੋਂ 400 ਰੁਪਏ ਪ੍ਰਤੀ ਮਣ ਦੀ ਤੇਜ਼ੀ ਰਹੀ।

ਸੂਤਰਾਂ ਅਨੁਸਾਰ ਇਸ ਸਾਲ ਦੀਵਾਲੀ ਮੌਕੇ ਲੱਗਭੱਗ 27000 ਰੂੰ ਗੰਢ ਦਾ ਕਾਰੋਬਾਰ ਹੋਇਆ, ਜਦੋਂਕਿ ਪਿਛਲੇ ਸਾਲ ਇਸ ਮੌਕੇ ਲੱਗਭੱਗ 50,000 ਗੰਢ ਦਾ ਕਾਰੋਬਾਰ ਰਿਹਾ ਸੀ।

ਪੰਜਾਬ ’ਚ ਇਸ ਵਾਰ ਰੂੰ ਵਪਾਰ 4260-4280 ਰੁਪਏ ਪ੍ਰਤੀ ਮਣ, ਹਰਿਆਣਾ 4161, 4165, 4170 ਰੁਪਏ ਪ੍ਰਤੀ ਮਣ ਅਤੇ ਸ਼੍ਰੀਗੰਗਾਨਗਰ-ਹਨੁਮਾਨਗੜ੍ਹ ਸਰਕਲ ’ਚ 4161-4165 ਰੁਪਏ ਪ੍ਰਤੀ ਮਣ ਵਪਾਰ ਰਿਹਾ। ਸੂਤਰਾਂ ਦੀ ਗੱਲ ਮੰਨੀਏ ਤਾਂ ਇਸ ਵਾਰ ਰੂੰ ਵਪਾਰ ਘੱਟ ਹੋਣ ਦਾ ਮੁੱਖ ਕਾਰਣ ਉੱਤਰੀ ਖੇਤਰੀ ਸੂਬਿਆਂ ’ਚ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਵੱਲੋਂ ਹੇਠਲੇ ਸਮਰਥਨ ਮੁੱਲ ’ਤੇ ਵੱਡੀ ਮਾਤਰਾ ’ਚ ਕਪਾਹ ਖਰੀਦਣਾ ਹੈ। ਦੂਜੇ ਪਾਸੇ ਰੂੰ ਤੇਜੜੀਆਂ ਦਾ ਮੰਨਣਾ ਹੈ ਕਿ ਅਗਲੇ ਦਿਨਾਂ ’ਚ ਬਹੁਤ ਜਲਦ ਰੂੰ ਬਾਜ਼ਾਰ ’ਚ 300-350 ਰੁਪਏ ਪ੍ਰਤੀ ਮਣ ਉਛਾਲ ਆ ਸਕਦਾ ਹੈ।

ਰੂੰ ਬਾਜ਼ਾਰ ਦੇ ਮੰਦੜੀਆਂ ਦਾ ਕਹਿਣਾ ਹੈ ਕਿ ਬਾਜ਼ਾਰ ’ਚ ਜੋ ਤੇਜ਼ੀ ਆਉਣੀ ਸੀ, ਉਹ ਆ ਚੁੱਕੀ ਹੈ ਕਿਉਂਕਿ ਹੁਣ ਵਿਦੇਸ਼ਾਂ ਤੋਂ ਯਾਰਨ, ਕੱਪੜਾ ਅਤੇ ਰੂੰ ਦੀ ਮੰਗ ਕਮਜ਼ੋਰ ਪੈ ਰਹੀ ਹੈ, ਜਿਸ ਨਾਲ ਭਾਰਤੀ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ’ਤੇ ਇਸ ਦਾ ਅਸਰ ਪਵੇਗਾ।

ਇਹ ਵੀ ਪੜ੍ਹੋ : ਅਸਥਾਈ ਕਾਮਿਆਂ ਲਈ ਨਵਾਂ ਸਰਕਾਰੀ ਨਿਯਮ, ਇਹ ਕੰਮ ਪੂਰੇ ਕਰਨ 'ਤੇ ਮਿਲਣਗੇ ਕਈ ਫਾਇਦੇ

ਭਾਰਤ ਦੀ ਕਪਾਹ ਬਰਾਮਦ 20 ਫੀਸਦੀ ਵਧਣ ਦੀ ਸੰਭਾਵਨਾ

ਭਾਰਤ ਕਪਾਹ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ ਜਦੋਂਕਿ ਚੀਨ, ਬੰਗਲਾਦੇਸ਼ ਅਤੇ ਵਿਅਤਨਾਮ ਆਦਿ ਵਰਗੇ ਏਸ਼ੀਆਈ ਖਰੀਦਦਾਰਾਂ ਲਈ ਇਕ ਪ੍ਰਮੁੱਖ ਸਪਲਾਈਕਰਤਾ ਹਨ। ਸੀ. ਸੀ. ਆਈ. ਸੂਤਰਾਂ ਅਨੁਸਾਰ ਭਾਰਤ ਵੱਲੋਂ ਚਾਲੂ ਕਪਾਹ ਸੀਜ਼ਨ ਸਾਲ 2020-21 ’ਚ ਭਾਰਤ ਦਾ ਕਪਾਹ ਬਰਾਮਦ ਵੱਖ-ਵੱਖ ਦੇਸ਼ਾਂ ਨੂੰ 20 ਫੀਸਦੀ ਤੋਂ ਵਧ ਕੇ 60 ਲੱਖ ਗੰਢ ਦੀ ਹੋ ਸਕਦੀ ਹੈ। ਉਥੇ ਹੀ, ਇਕ ਹੋਰ ਸੰਗਠਨ ਦਾ ਕਹਿਣਾ ਹੈ ਕਿ ਇਸ ਵਾਰ ਕਪਾਹ ਬਰਾਮਦ 65-70 ਲੱਖ ਗੰਢ ਦੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਹੁਣ ਖਾਦ ਖ਼ਰੀਦਣ 'ਤੇ ਮਿਲੇਗਾ 1 ਲੱਖ ਰੁਪਏ ਦਾ ਦੁਰਘਟਨਾ ਬੀਮਾ, IFFCO ਭਰੇਗੀ ਪ੍ਰੀਮੀਅਮ

ਸੀ. ਸੀ. ਆਈ. ਨੇ 14.22 ਲੱਖ ਗੰਢ ਤੋਂ ਜ਼ਿਆਦਾ ਕਪਾਹ ਐੱਮ. ਐੱਸ. ਪੀ. ’ਤੇ ਖਰੀਦੀ

ਕੱਪੜਾ ਮੰਤਰਾਲਾ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਨੇ ਚਾਲੂ ਕਪਾਹ ਸੀਜ਼ਨ ਸਾਲ 2020-21 ਦੌਰਾਨ 12 ਨਵੰਬਰ ਤੱਕ ਦੇਸ਼ ਦੇ ਵੱਖ-ਵੱਖ ਕਪਾਹ ਫਸਲ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ, ਆਂਧਰ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਤੋਂ 14, 22, 583 ਗੰਢ ਦੀ ਕਪਾਹ ਹੇਠਲੇ ਸਮਰਥਨ ਮੁੱਲ ’ਤੇ ਖਰੀਦ ਕੀਤੀਆਂ ਹਨ। ਸੂਤਰਾਂ ਅਨੁਸਾਰ ਸੀ. ਸੀ . ਆਈ. ਨੇ ਦੀਵਾਲੀ ਦੇ ਮੱਦੇਨਜ਼ਰ 3 ਦਿਨ ਕਪਾਹ ਦੀ ਖਰੀਦ ਬੰਦ ਰੱਖੀ ਅਤੇ ਹੁਣ ਸੋਮਵਾਰ ਤੋਂ ਫਿਰ ਕਪਾਹ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ।

ਇਸ ਸਾਲ ਕਪਾਹ ਦਾ ਹੇਠਲਾ ਸਮਰਥਨ ਮੁੱਲ 5400 ਤੋਂ 5700 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ, ਜਦੋਂਕਿ ਨਿੱਜੀ ਕਾਰੋਬਾਰੀ 5000 ਤੋਂ 5300 ਰੁਪਏ ਪ੍ਰਤੀ ਕੁਇੰਟਲ ਕਪਾਹ ਖਰੀਦ ਕਰ ਰਹੇ ਹਨ। ਪੰਜਾਬ ਅਤੇ ਹਰਿਆਣਾ ਦੀਆਂ ਜ਼ਿਆਦਾਤਰ ਮੰਡੀਆਂ ’ਚ ਰੂੰ ਖਰੀਦਣ ਦੀ ਸੀ. ਸੀ. ਆਈ. ਦੀ ਬਹੁਤ ਚੰਗੀ ਪਕੜ ਹੈ ਅਤੇ ਇਸ ਦੇ ਨਾਲ ਹੀ ਗੁਆਂਢੀ ਸੂਬੇ ਰਾਜਸਥਾਨ ’ਚ ਵੀ ਕਈ ਮੰਡੀਆਂ ਤੋਂ ਸੀ. ਸੀ. ਆਈ. ਕਪਾਹ ਖਰੀਦ ਕਰ ਰਹੀ ਹੈ।

ਸੂਤਰਾਂ ਅਨੁਸਾਰ ਸੀ. ਸੀ. ਆਈ. ਚਾਲੂ ਕਪਾਹ ਸੀਜ਼ਨ ਸਾਲ ਇਸ ਵਾਰ ਕਪਾਹ ਖਰੀਦ ’ਚ ਆਪਣਾ ਨਵਾਂ ਰਿਕਾਰਡ ਬਣਾਉਣ ਜਾ ਰਹੀ ਹੈ। ਸੀ. ਸੀ. ਆਈ. ਨੇ ਇਸ ਸਾਲ ਕਿਸਾਨਾਂ ਤੋਂ 125 ਲੱਖ ਗੰਢ ਦੇ ਹੇਠਲੇ ਸਮਰਥਨ ਮੁੱਲ ’ਤੇ ਕਪਾਹ ਖਰੀਦਣ ਦਾ ਟੀਚਾ ਰੱਖਿਆ ਹੈ ਜਦੋਂਕਿ ਪਿਛਲੇ ਸਾਲ 105 ਲੱਖ ਗੰਢ ਦੀ ਕਪਾਹ ਖਰੀਦੀ ਸੀ।

ਇਹ ਵੀ ਪੜ੍ਹੋ : ਜਲਦ ਮਹਿੰਗੇ ਹੋ ਸਕਦੇ ਹਨ ਗ਼ਰੀਬਾਂ ਦੇ ਬਦਾਮ,ਇਸ ਕਾਰਨ ਵਧਣਗੇ ਮੂੰਗਫਲੀ ਦੇ ਭਾਅ


author

Harinder Kaur

Content Editor

Related News