ਕੋਵਿਡ-19 : ਹੋਮ ਕ੍ਰੈਡਿਟ ਨੇ 1800 ਤੇ ਬੁੱਕ ਮਾਈ ਸ਼ੋਅ ਨੇ 270 ਕਾਮਿਆਂ ਨੂੰ ਨੌਕਰੀ ਤੋਂ ਕੱਢਿਆ
Friday, May 29, 2020 - 03:52 PM (IST)
ਨਵੀਂ ਦਿੱਲੀ (ਭਾਸ਼ਾ) : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਹਾਲਾਤਾਂ ਵਿਚ ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਹੋਮ ਕ੍ਰੈਡਿਟ ਇੰਡੀਆ ਨੇ 1,800 ਕਾਮਿਆਂ ਦੀ ਛਾਂਟੀ ਕੀਤੀ ਹੈ। ਇਸ ਤੋਂ ਇਲਾਵਾ ਸਿਨੇਮਾ ਟਿਕਟ ਬੁਕਿੰਗ ਦੀ ਆਨਲਾਈਨ ਸੇਵਾਵਾਂ ਦੇਣ ਵਾਲੀ ਕੰਪਨੀ ਬੁੱਕ ਮਾਈ ਸ਼ੋਅ ਨੇ ਵੀ ਮਾਲੀਆ ਘੱਟ ਹੋਣ ਦੇ ਸ਼ੱਕ ਵਿਚ 270 ਲੋਕਾਂ ਨੂੰ ਜਾਂ ਤਾਂ ਨੌਕਰੀ ਤੋਂ ਕੱਢ ਦਿੱਤਾ ਹੈ ਜਾਂ ਫਿਰ ਉਨ੍ਹਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ।
ਹੋਮ ਕ੍ਰੈਡਿਟ ਇੰਡੀਆ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ, ਕੋਰੋਨਾ ਵਾਇਰਸ ਮਹਾਮਾਰੀ ਨੇ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨੇ ਸਾਡੇ ਵਿਚੋਂ ਕਈ ਲੋਕਾਂ, ਸਾਡੇ ਪਰਿਵਾਰਾਂ, ਸਾਡੇ ਗਾਹਕਾਂ, ਭਾਗੀਦਾਰਾਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਹਾਲਾਤਾਂ ਨੇ ਸਾਨੂੰ ਸਥਿਰਤਾ ਅਤੇ ਵਪਾਰ ਨਿਰੰਤਰਤਾ ਲਈ ਰਣਨੀਤੀ 'ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਨੂੰ ਮਜਬੂਰ ਕੀਤਾ ਹੈ। ਕੰਪਨੀ ਨੇ ਕਿਹਾ, ਬਦਕਿਸਮਤੀ ਨਾਲ, ਇਸ ਕਾਰਨ ਸਾਨੂੰ ਆਪਣੀ ਟੀਮ ਦੇ ਆਕਾਰ ਨੂੰ ਘੱਟ ਕਰਨਾ ਪੈ ਰਿਹਾ ਹੈ। ਸਾਵਧਾਨੀਪੂਰਵਕ ਸਲਾਹ-ਮਸ਼ਵਰੇ ਤੋਂ ਬਾਅਦ, ਅਸੀਂ ਭਾਰਤ ਵਿਚ 1,800 ਕਾਮਿਆਂ ਨੂੰ ਘੱਟ ਕਰਨ ਦਾ ਔਖਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਪੈਰਾਸੀਟਾਮੋਲ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਹਟਾਈ
ਬੁੱਕ ਮਾਈ ਸ਼ੋਅ ਨੇ ਵੱਖ ਤੋਂ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਅਤੇ ਇਸ ਦੀ ਰੋਕਥਾਮ ਲਈ ਕੀਤੀ ਗਈ ਤਾਲਾਬੰਦੀ ਨਾਲ ਆਉਣ ਵਾਲੇ ਮਹੀਨਿਆਂ ਵਿਚ ਮਾਲੀਏ 'ਤੇ ਵੱਡਾ ਅਸਰ ਪੈਣ ਦੇ ਸ਼ੱਕ ਦੇ ਮੱਦੇਨਜ਼ਰ 270 ਕਾਮਿਆਂ ਨੂੰ ਜਾਂ ਤਾਂ ਨੌਕਰੀ ਤੋਂ ਕੱਢਣਾ ਪੈ ਗਿਆ ਹੈ ਜਾਂ ਇਨ੍ਹਾਂ ਨੂੰ ਛੁੱਟੀ 'ਤੇ ਭੇਜਣਾ ਪੈ ਗਿਆ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਸ਼ੀਸ਼ ਹੇਮਰਾਜਾਨੀ ਨੇ ਕਾਮਿਆਂ ਨੂੰ ਭੇਜੇ ਈ-ਮੇਲ ਵਿਚ ਕਿਹਾ, 'ਸਾਨੂੰ ਆਉਣ ਵਾਲੇ ਮਹੀਨਿਆਂ ਵਿਚ ਮਾਲੀਏ ਵਿਚ ਕਾਫ਼ੀ ਕਮੀ ਆਉਣ ਦੇ ਸ਼ੱਕ ਦੇ ਅਨੁਰੂਪ ਆਪਣੀ ਲਾਗਤ ਨੂੰ ਘੱਟ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਕਦਮ ਨਾਲ ਬੁੱਕ ਮਾਈ ਸ਼ੋਅ ਦੇ ਭਾਰਤ ਅਤੇ ਗਲੋਬਲ ਪੱਧਰ ਦੇ ਕੁੱਲ 1,450 ਕਾਮਿਆਂ ਵਿਚੋਂ ਕਰੀਬ 270 ਲੋਕਾਂ 'ਤੇ ਪ੍ਰਭਾਵ ਪਵੇਗਾ।' ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਜਾਂ ਤਾਂ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ, ਜਾਂ ਫਿਰ ਇਨ੍ਹਾਂ ਨੂੰ ਛੁੱਟੀ 'ਤੇ ਭੇਜਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਮਹਾਮਾਰੀ ਕਾਰਨ ਇਸ ਤੋਂ ਪਹਿਲਾਂ ਇੰਡੀਆਬੁਲਸ ਹੋਮ ਫਾਈਨਾਂਸ, ਐੱਚ.ਡੀ.ਬੀ. ਫਾਈਨੇਂਸ਼ੀਅਲ ਸਰਵਿਸਜ਼, ਉਬੇਰ, ਓਲਾ ਅਤੇ ਸਵਿਗੀ ਸਮੇਤ ਕਈ ਕੰਪਨੀਆਂ ਨੇ ਕਾਮਿਆਂ ਦੀ ਛਾਂਟੀ ਕੀਤੀ ਹੈ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਦੀ ਚਿਤਾਵਨੀ, ਕੋਰੋਨਾ ਨਾਲ ਹੋ ਸਕਦੈ 8500 ਅਰਬ ਡਾਲਰ ਦਾ ਨੁਕਸਾਨ