ਕੋਰੋਨਾ ਵਾਇਰਸ ਕਾਰਨ ਜਾ ਸਕਦੀ ਹੈ ਕਈਆਂ ਦੀ ਨੌਕਰੀ
Sunday, Apr 05, 2020 - 09:13 PM (IST)
ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਕਡਾਊਨ ਦਾ ਅਰਥਵਿਵਸਥਾ 'ਤੇ ਡੂੰਘਾ ਪ੍ਰਭਾਵ ਪਵੇਗਾ । ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਨੇ ਇਕ ਸਰਵੇਖਣ ਵਿਚ ਭਾਰੀ ਗਿਣਤੀ ਵਿਚ ਲੋਕਾਂ ਦੀਆਂ ਨੌਕਰੀਆਂ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਸੀ. ਆਈ. ਆਈ. ਦੇ ਤਕਰੀਬਨ 200 ਮੁੱਖ ਕਾਰਜਕਾਰੀ ਅਧਿਕਾਰੀਆਂ ਵਿਚਕਾਰ ਕੀਤੇ ਗਏ ਆਨਲਾਈਨ ਸਰਵੇਖਣ 'ਸੀ. ਆਈ. ਆਈ. ਸੀ. ਈ. ਓ. ਸਨੈਪ ਪੋਲ' ਮੁਤਾਬਕ ਮੰਗ ਵਿਚ ਕਮੀ ਨਾਲ ਜ਼ਿਆਦਾਤਰ ਕੰਪਨੀਆਂ ਦੀ ਆਮਦਨ ਘਟੀ ਹੈ। ਇਸ ਨਾਲ ਨੌਕਰੀਆਂ ਜਾਣ ਦਾ ਖਦਸ਼ਾ ਹੈ।
ਆਮਦਨ ਵਿਚ 10 ਫੀਸਦੀ ਤੋਂ ਵੱਧ ਕਮੀ
ਸਰਵੇਖਣ ਮੁਤਾਬਕ, "ਚਾਲੂ ਤਿਮਾਹੀ (ਅਪ੍ਰੈਲ-ਜੂਨ) ਅਤੇ ਪਿਛਲੀ ਤਿਮਾਹੀ (ਜਨਵਰੀ-ਮਾਰਚ) ਦੌਰਾਨ ਵਧੇਰੇ ਕੰਪਨੀਆਂ ਦੀ ਆਮਦਨ ਵਿਚ 10 ਫੀਸਦੀ ਤੋਂ ਵੱਧ ਕਮੀ ਆਉਣ ਦਾ ਖਦਸ਼ਾ ਹੈ ਅਤੇ ਇਸ ਨਾਲ ਉਨ੍ਹਾਂ ਦਾ ਲਾਭ ਦੋਹਾਂ ਤਿਮਾਹੀਆਂ ਵਿਚ 5 ਫੀਸਦੀ ਤੋਂ ਵਧੇਰੇ ਡਿੱਗ ਸਕਦਾ ਹੈ।"
ਆਰਥਿਕ ਵਾਧੇ 'ਤੇ ਗੰਭੀਰ ਪ੍ਰਭਾਵ
ਸੀ. ਆਈ. ਆਈ. ਨੇ ਕਿਹਾ, " ਘਰੇਲੂ ਕੰਪਨੀਆਂ ਦੀ ਕੀਮਤ ਅਤੇ ਲਾਭ ਦੋਹਾਂ ਵਿਚ ਇਸ ਤੇਜ਼ ਗਿਰਾਵਟ ਦਾ ਅਸਰ ਦੇਸ਼ ਦੀ ਆਰਥਿਕ ਵਾਧੇ ਦਰ 'ਤੇ ਵੀ ਪਵੇਗਾ। ਰੋਜ਼ਗਾਰ ਦੇ ਪੱਧਰ 'ਤੇ ਇਨ੍ਹਾਂ ਨਾਲ ਸਬੰਧਤ ਖੇਤਰਾਂ ਵਿਚ 52 ਫੀਸਦੀ ਤਕ ਨੌਕਰੀਆਂ ਘੱਟ ਹੋ ਸਕਦੀ ਹੈ।"
ਸਰਵੇਖਣ ਮੁਤਾਬਕ, "ਲਾਕਡਾਊਨ ਖਤਮ ਹੋਣ ਦੇ ਬਾਅਦ 47 ਫੀਸਦੀ ਕੰਪਨੀਆਂ ਵਿਚ 15 ਫੀਸਦੀ ਤੋਂ ਘੱਟ ਨੌਕਰੀਆਂ ਜਾਣ ਦੀ ਸੰਭਾਵਨਾ ਹੈ। ਉੱਥੇ ਹੀ 32 ਫੀਸਦੀ ਕੰਪਨੀਆਂ ਵਿਚ ਨੌਕਰੀਆਂ ਜਾਣ ਦੀ ਦਰ 15 ਤੋਂ 30 ਫੀਸਦੀ ਹੋਵੇਗੀ।
ਲਾਕਡਾਊਨ ਨਾਲ ਵਧਿਆ ਘਾਟਾ
ਰਿਪੋਰਟ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਨ ਭਾਰਤੀ ਅਰਥ ਵਿਵਸਥਾ ਨੂੰ ਤਕਰੀਬਨ 120 ਅਰਬ ਡਾਲਰ ਦਾ ਨੁਕਸਾਨ ਹੋਵੇਗਾ ਜੋ ਕਿ ਜੀ. ਡੀ. ਪੀ. ਦਾ ਚਾਰ ਫੀਸਦੀ ਹੈ। ਇਨ੍ਹਾਂ ਵਿਚੋਂ 90 ਅਰਬ ਡਾਲਰ ਦਾ ਨੁਕਸਾਨ ਨੂੰ ਲਾਕਡਾਊਨ ਦੀ ਮਿਆਦ ਵਧਾਉਣ ਦੀ ਵਜ੍ਹਾ ਨਾਲ ਹੋਵੇਗਾ। ਜ਼ਾਹਰ ਹੈ ਕਿ ਇਸ ਦਾ ਅਸਰ ਜੀ. ਡੀ. ਪੀ. ਦੀ ਵਿਕਾਸ ਦਰ 'ਤੇ ਵੀ ਅਸਰ ਪਵੇਗਾ।
2 ਫੀਸਦੀ ਰਹਿ ਸਕਦੀ ਹੈ ਵਿਕਾਸ ਦਰ
ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਦੇਸ਼ ਭਰ ਵਿਚ ਕੀਤੇ ਗਏ ਲਾਕਡਾਊਨ ਦਾ ਅਰਥ ਵਿਵਸਥਾ 'ਤੇ ਵੱਧ ਬੁਰਾ ਅਸਰ ਪੈਣ ਜਾ ਰਿਹਾ ਹੈ। ਕ੍ਰੈਡਿਟ ਰੇਟਿੰਗ ਏਜੰਸੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਦੇ ਗ੍ਰੋਥ ਅੰਦਾਜ਼ੇ ਨੂੰ ਘਟਾ ਕੇ 2 ਫੀਸਦੀ ਕਰ ਦਿੱਤਾ ਹੈ। ਇਹ 30 ਸਾਲ ਦਾ ਹੇਠਲਾ ਪੱਧਰ ਹੋਵੇਗਾ। ਪਹਿਲਾਂ ਉਸ ਨੇ ਅੰਦਾਜ਼ਾ ਘਟਾ ਕੇ 5.1 ਫੀਸਦੀ ਕੀਤਾ ਸੀ।
ਵੱਧ ਰਹੇ ਹਨ ਕੋਰੋਨਾ ਦੇ ਮਾਮਲੇ
ਕੋਰਨਾ ਵਾਇਰਸ ਦਾ ਕਹਿਰ ਭਾਰਤ ਸਣੇ ਪੂਰੀ ਦੁਨੀਆ ਵਿਚ ਜਾਰੀ ਹੈ। ਭਾਰਤ ਵਿਚ ਹੁਣ ਤਕ ਕੋਰੋਨਾ ਦੇ ਕੁੱਲ 3374 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 212 ਲੋਕ ਠੀਕ ਹੋਏ ਹਨ ਜਦਕਿ 77 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਅੱਜ ਦੇਸ਼ਵਿਆਪੀ ਲਾਕਡਾਊਨ ਦਾ 12ਵਾਂ ਦਿਨ ਹੈ।