ਕੋਰੋਨਾ ਸੰਕਟ ਦੌਰਾਨ 60 ਦਿਨਾਂ ''ਚ 1 ਲੱਖ ਲੋਕਾਂ ਨੂੰ ਰੋਜ਼ਗਾਰ ਦੇਵੇਗੀ ਇਹ ਕੰਪਨੀ

Monday, Jun 01, 2020 - 02:59 PM (IST)

ਕੋਰੋਨਾ ਸੰਕਟ ਦੌਰਾਨ 60 ਦਿਨਾਂ ''ਚ 1 ਲੱਖ ਲੋਕਾਂ ਨੂੰ ਰੋਜ਼ਗਾਰ ਦੇਵੇਗੀ ਇਹ ਕੰਪਨੀ

ਨਵੀਂ ਦਿੱਲੀ : ਕੋਰੋਨਾ ਸੰਕਟ ਦੇ ਸਮੇਂ ਵਿਚ ਭਾਰਤੀ ਕੱਪੜਾ ਉਦਯੋਗ, ਬੈਗ ਬਣਾਉਣ ਵਾਲੀਆਂ ਸਮੇਤ ਕਈ ਕੰਪਨੀਆਂ ਨੇ ਆਪਣੇ ਬਿਜਨੈੱਸ ਮਾਡਲ ਵਿਚ ਸੁਧਾਰ ਲਿਆਂਦਾ ਹੈ, ਜਿਸ ਦਾ ਫਾਇਦਾ ਕੰਪਨੀ ਦੇ ਨਾਲ-ਨਾਲ ਦੇਸ਼ ਨੂੰ ਵੀ ਮਿਲਿਆ ਹੈ। ਮੌਜੂਦਾ ਸਮੇਂ ਵਿਚ ਮਾਸਕ ਅਤੇ ਪੀ.ਪੀ.ਈ. ਕਿੱਟ ਦੀ ਸਭ ਤੋਂ ਜ਼ਿਆਦਾ ਮੰਗ ਹੈ। ਅਜਿਹੇ ਵਿਚ ਟਰੈਵਲ ਬੈਗ, ਯਾਤਰਾ ਅਤੇ ਫ਼ੈਸ਼ਨ ਨਾਲ ਜੁੜੇ ਸਾਮਾਨ ਬਣਾਉਣ ਵਾਲੀ ਕੰਪਨੀ ਵਾਈਲਡਕ੍ਰਾਫਟ ਅਗਲੇ 60 ਦਿਨ ਵਿਚ ਕਰੀਬ 1 ਲੱਖ ਲੋਕਾਂ ਨੂੰ ਕੰਮ 'ਤੇ ਰੱਖ ਸਕਦੀ ਹੈ। ਕੋਰੋਨਾ ਵਾਇਰਸ ਸੰਕਟ ਨੂੰ ਵੇਖਦੇ ਹੋਏ ਕੰਪਨੀ ਦੀ ਯੋਜਨਾ ਨਿੱਜੀ ਸੁਰੱਖਿਆ ਨਾਲ ਜੁੜੇ ਸਾਮਾਨਾਂ (ਪੀ.ਪੀ.ਜੀ.) ਦਾ ਨਿਰਮਾਣ ਅਤੇ ਵੰਡ ਤੇਜ਼ ਕਰਨ ਦੀ ਹੈ। ਬੇਂਗਲੁਰੂ ਦੀ ਇਸ ਕੰਪਨੀ ਨੇ 11 ਸ਼ਹਿਰਾਂ ਵਿਚ 63 ਕਾਰਖਾਨਿਆਂ ਦੇ ਨਾਲ ਗੱਠਜੋੜ ਕੀਤਾ ਹੈ। ਇਸ ਨਾਲ ਕੰਪਨੀ ਹੁਣ ਤੱਕ ਕਰੀਬ 30,000 ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੋਜ਼ਗਾਰ ਦੇ ਚੁੱਕੀ ਹੈ। ਇਨ੍ਹਾਂ ਕਾਰਖਾਨਿਆਂ ਵਿਚ ਕੰਪਨੀ ਵੱਲੋਂ ਵਰਤੋਂ ਵਿਚ ਆਉਣ ਵਾਲੀ ਨਿੱਜੀ ਸੁਰੱਖਿਆ ਕਿੱਟਾਂ (ਪੀ.ਪੀ.ਈ.) ਅਤੇ ਮੂੰਹ 'ਤੇ ਪਾਉਣ ਵਾਲੇ ਮਾਸਕ 'ਸੁਪਰਮਾਸਕ' ਦਾ ਨਿਰਮਾਣ ਕਰਾ ਰਹੀ ਹੈ।

10 ਲੱਖ ਮਾਸਕ ਰੋਜ਼ਾਨਾ ਬਣਾਉਣ ਦੀ ਸਮਰੱਥਾ
ਕੰਪਨੀ ਦੀ 10 ਲੱਖ ਮਾਸਕ ਰੋਜ਼ਾਨਾ ਬਣਾਉਣ ਦੀ ਸਮਰੱਥਾ ਹੈ। ਕੰਪਨੀ ਦੇ ਸਹਿ-ਸੰਸਥਾਪਕ ਗੌਰਵ ਡੁਬਲਿਸ਼ ਨੇ ਕਿਹਾ, ਕੋਵਿਡ-19 ਕਾਰਨ ਇਨ੍ਹਾਂ ਉਤਪਾਦਾਂ ਦੀ ਮੰਗ ਵਧੀ ਹੈ ਪਰ ਕੱਪੜਾ ਉਦਯੋਗ ਨੇ ਕਦੇ ਵੀ ਸਿਹਤ ਦੇਖਭਾਲ ਉਤਪਾਦਾਂ ਦਾ ਉਤਪਾਦਨ ਫ਼ੈਸ਼ਨ ਉਤਪਾਦ ਦੀ ਸ਼੍ਰੇਣੀ ਵਿਚ ਹੁੰਦੇ ਨਹੀਂ ਵੇਖਿਆ। ਅਸੀਂ ਆਪਣੇ ਆਪ ਨੂੰ ਇਸ ਨਵੇਂ ਰੂਪ ਵਿਚ ਬਾਖੂਬੀ ਢਾਲ ਲਿਆ ਹੈ।

ਪੀ.ਪੀ.ਜੀ. ਸ਼੍ਰੇਣੀ 'ਤੇ ਜ਼ੋਰ
ਪੀ.ਪੀ.ਜੀ. ਸ਼੍ਰੇਣੀ 'ਤੇ ਜ਼ੋਰ ਦਿੰਦੇ ਹੋਏ ਡੁਬਲਿਸ਼ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮਨਿਰਭਰ ਭਾਰਤ ਬਣਾਉਣ ਦੀ ਪਹੁੰਚ ਵਿਚ ਸਾਡਾ ਵਿਸ਼ਵਾਸ ਹੈ। ਇਸ ਮੌਕੇ ਦਾ ਲਾਭ ਚੁੱਕਦੇ ਹੋਏ ਅਸੀਂ ਆਉਣ ਵਾਲੇ ਦਿਨਾਂ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦੇਣ ਵਿਚ ਸਮਰਥ ਹੋਵਾਂਗੇ। ਆਉਣ ਵਾਲੇ 60 ਦਿਨਾਂ ਵਿਚ ਵਾਈਲਡਕ੍ਰਾਫਟ ਸਿੱਧੇ ਅਤੇ ਅਸਿੱਧੇ ਤੌਰ 'ਤੇ ਕਰੀਬ 1 ਲੱਖ ਲੋਕਾਂ ਨੂੰ ਰੋਜ਼ਗਾਰ ਉਪਲੱਬਧ ਕਰਾ ਰਹੀ ਹੋਵੇਗੀ।


author

cherry

Content Editor

Related News