''ਕ੍ਰਿਸਮਸ ਤੱਕ ਆ ਸਕਦਾ ਹੈ ਕੋਰੋਨਾ ਟੀਕਾ, ਸਭ ''ਤੇ ਅਸਰ ਦੀ ਗਾਰੰਟੀ ਨਹੀਂ''

Wednesday, Oct 28, 2020 - 11:41 PM (IST)

''ਕ੍ਰਿਸਮਸ ਤੱਕ ਆ ਸਕਦਾ ਹੈ ਕੋਰੋਨਾ ਟੀਕਾ, ਸਭ ''ਤੇ ਅਸਰ ਦੀ ਗਾਰੰਟੀ ਨਹੀਂ''

ਲੰਡਨ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਵੈਕਸੀਨ ਟਾਸਕਫੋਰਸ ਦੀ ਪ੍ਰਧਾਨ ਕੈਟੇ ਬਿੰਘਮ ਨੇ ਉਮੀਦ ਜਤਾਈ ਕਿ ਇਸ ਸਾਲ ਕ੍ਰਿਸਮਸ ਤੱਕ ਆਕਸਫੋਰਡ ਯੂਨੀਵਰਸਿਟੀ ਤੇ ਐਸਟਰਾਜ਼ੇਨੇਕਾ ਵੱਲੋਂ ਵਿਕਸਤ ਕੀਤਾ ਕੋਰੋਨਾ ਵਾਇਰਸ ਟੀਕਾ ਬਾਜ਼ਾਰ ਵਿਚ ਆ ਜਾਵੇਗਾ।

ਉਨ੍ਹਾਂ ਕਿਹਾ ਕਿ ਕੋਰੋਨਾ ਲਾਗ ਦੇ ਕਈ ਟੀਕੇ ਕ੍ਰਿਸਮਸ ਜਾਂ 2021 ਦੇ ਸ਼ੁਰੂ ਵਿਚ ਉਪਲਬਧ ਹੋਣ ਦੀ ਉਮੀਦ ਹੈ। ਹਾਲਾਂਕਿ, ਕੋਰੋਨਾ ਟੀਕੇ ਦੀ ਉਡੀਕ ਕਰ ਰਹੀ ਦੁਨੀਆ ਨੂੰ ਕੁਝ ਨਿਰਾਸ਼ਾ ਹੋ ਸਕਦੀ ਹੈ। ਕੈਟੇ ਬਿੰਘਮ ਨੇ ਮੈਡੀਕਲ ਜਰਨਲ ਦਿ ਲੈਂਸੇਟ ਵਿਚ ਲਿਖਿਆ ਕਿ ਕੋਰੋਨਾ ਦੇ ਸ਼ੁਰੂਆਤੀ ਟੀਕੇ ਅਧੂਰੇ ਹੋ ਸਕਦੇ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਟੀਕੇ ਦਾ ਅਸਰ ਹਰੇਕ 'ਤੇ ਹੋਵੇ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਭਾਰਤ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ ਇਸ ਤਾਰੀਖ਼ ਤੱਕ ਵਧਾਈ

ਲਾਪਰਵਾਹੀ ਹੋਵੇਗੀ ਖ਼ਤਰਨਾਕ
ਬਿੰਘਮ ਨੇ ਕਿਹਾ ਕਿ ਸ਼ੁਰੂਆਤੀ ਕੋਵਿਡ-19 ਟੀਕਾ ਪੂਰੀ ਤਰ੍ਹਾਂ ਯਕੀਨੀ ਨਹੀਂ ਹੋਵੇਗਾ, ਇਸ ਦੀ ਸੰਭਾਵਨਾ ਕਾਫ਼ੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਲਾਪਰਵਾਹੀ ਨਾ ਕਰੀਏ ਅਤੇ ਜ਼ਿਆਦਾ ਉਮੀਦਾਂ ਨਾ ਲਾਈਏ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਪਹਿਲੇ ਟੀਕੇ ਵਿਚ ਕੁਝ ਕਮੀਆਂ ਹੋਣ, ਇਸ ਲਈ ਇਹ ਜ਼ਰੂਰੀ ਨਹੀਂ ਕਿ ਇਹ ਸਾਰੇ ਲੋਕਾਂ ਲਈ ਕਾਰਗਰ ਸਾਬਤ ਹੋਵੇ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਤਾਂ ਨਹੀਂ ਪਤਾ ਕਿ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਹੀ ਵੈਕਸੀਨ ਕਦੋਂ ਤੱਕ ਆਵੇਗੀ ਜਾਂ ਇਹ ਕਦੇ ਬਣ ਵੀ ਸਕੇਗੀ ਜਾਂ ਨਹੀਂ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਢਿੱਲ ਨਾ ਦਿੱਤੀ ਜਾਵੇ, ਇਹ ਖ਼ਤਰਨਾਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸਹੀ ਵੈਕਸੀਨ ਦਾ ਇੰਤਜ਼ਾਰ ਹੋਰ ਲੰਮਾ ਹੋ ਸਕਦਾ ਹੈ। ਵੈਕਸੀਨ ਬਣ ਵੀ ਗਈ ਤਾਂ ਉਸ ਨੂੰ ਸਭ ਤੱਕ ਪਹੁੰਚਾਉਣਾ ਮੁਸ਼ਕਲ ਹੋਵੇਗਾ।


author

Sanjeev

Content Editor

Related News