ਕੋਰੋਨਾ ਵਾਇਰਸ ਨੇ ਭਾਰਤੀ ਸਾਈਕਲ ਇੰਡਸਟਰੀ ਲਈ ਖੋਲ੍ਹਿਆ ਯੂਰਪ ਅਤੇ ਅਮਰੀਕਾ ਦਾ ਬਾਜ਼ਾਰ

02/15/2020 10:45:28 AM

ਲੁਧਿਆਣਾ — ਚੀਨ ’ਚ ਫੈਲੇ ਕੋਰੋਨਾ ਵਾਇਰਸ ਨੇ ਭਾਰਤੀ ਸਾਈਕਲ ਇੰਡਸਟਰੀ ਲਈ ਯੂਰਪ ਅਤੇ ਅਮਰੀਕਾ ਦਾ ਬਾਜ਼ਾਰ ਖੋਲ੍ਹ ਦਿੱਤਾ ਹੈ। ਕਾਰਣ, ਚੀਨ ਨੇ ਯੂਰਪ ਅਤੇ ਅਮਰੀਕੀ ਸਾਈਕਲ ਮਾਰਕੀਟ ’ਚ ਸਸਤੇ ਸਾਈਕਲ ਉਤਾਰ ਕੇ ਉੱਥੋਂ ਦੇ ਬਾਜ਼ਾਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ, ਜਿਸ ਕਾਰਣ ਯੂਰਪ ਅਤੇ ਅਮਰੀਕਾ ਨੇ ਐਂਟੀ ਡੰਪਿੰਗ ਡਿਊਟੀ ਵੀ ਲਾ ਦਿੱਤੀ ਸੀ। ਇਸ ਦੇ ਬਾਵਜੂਦ ਚੀਨ ਦੀ ਵਿਕਰੀ ’ਤੇ ਕੋਈ ਖਾਸ ਫਰਕ ਨਹੀਂ ਪਿਆ ਪਰ ਹੁਣ ਕੋਰੋਨਾ ਵਾਇਰਸ ਦਾ ਬਹਾਨਾ ਬਣਾ ਕੇ ਯੂਰਪ ਅਤੇ ਅਮਰੀਕਾ ਦੀਆਂ ਕੰਪਨੀਆਂ ਨੇ ਦੁਨੀਆ ਦੇ ਹੋਰ ਬਾਜ਼ਾਰਾਂ ਤੋਂ ਸਾਈਕਲ ਖਰੀਦਣ ਦੀ ਯੋਜਨਾ ਬਣਾਈ ਹੈ। ਹੁਣ ਭਾਰਤੀ ਸਾਈਕਲ ਕੰਪਨੀਆਂ ਲਈ ਮੌਕਾ ਹੈ ਕਿ ਉਹ ਆਸਾਨੀ ਨਾਲ ਯੂਰਪ ਅਤੇ ਅਮਰੀਕਾ ਦੇ ਬਾਜ਼ਾਰਾਂ ’ਚ ਦਾਖਲ ਹੋਣ ਪਰ ਆਧੁਨਿਕ ਤਕਨੀਕ ਦੀ ਕਮੀ ਕਾਰਣ ਭਾਰਤੀ ਸਾਈਕਲ ਬਾਜ਼ਾਰ ਕਾਫ਼ੀ ਪਿੱਛੇ ਹੈ। ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਸ ਐਸੋ. ਦੇ ਚੇਅਰਮੈਨ ਡੀ. ਐੱਸ. ਚਾਵਲਾ ਦਾ ਕਹਿਣਾ ਹੈ ਕਿ ਚੀਨ ਨੇ ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਤੋਂ ਡਿਊਟੀ ਫ੍ਰੀ ਮਾਲ ਦੀ ਭਾਰਤੀ ਬਾਜ਼ਾਰ ’ਚ ਖੂਬ ਸਪਲਾਈ ਕੀਤੀ ਹੈ। ਹੁਣ ਜਿਸ ਕੋਲ ਆਧੁਨਿਕ ਤਕਨੀਕ ਹੋਵੇਗੀ ਉਸ ਨੂੰ ਹੀ ਇਨ੍ਹਾਂ ਬਾਜ਼ਾਰਾਂ ’ਚ ਦਾਖਲਾ ਮਿਲੇਗਾ।

ਚੇਅਰਮੈਨ ਚਾਵਲਾ ਕਹਿੰਦੇ ਹਨ ਕਿ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਵਲੋਂ ਲੁਧਿਆਣਾ ’ਚ ਇਕ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ’ਚ ਜਰਮਨੀ ਅਤੇ ਤਾਈਵਾਨ ਤੋਂ ਤਕਨੀਕ ਦੇ ਮਾਹਿਰ ਕਾਰੋਬਾਰੀਆਂ ਨਾਲ ਚਰਚਾ ਕਰਨਗੇ ਕਿ ਦੁਨੀਆ ’ਚ ਕਿਹੜੀ ਆਧੁਨਿਕ ਤਕਨੀਕ ਚੱਲ ਰਹੀ ਹੈ ਅਤੇ ਉਸ ਤਕਨੀਕ ਨੂੰ ਭਾਰਤੀ ਸਾਈਕਲ ਇੰਡਸਟਰੀ ਕਿਵੇਂ ਪ੍ਰਾਪਤ ਕਰ ਸਕਦੀ ਹੈ।


Related News