ਬਾਜ਼ਾਰ 'ਚ Corona Virus ਦੀ ਹਾਹਾਕਾਰ, ਨਿਵੇਸ਼ਕਾਂ ਦੇ ਡੁੱਬੇ 4 ਲੱਖ ਕਰੋੜ ਰੁਪਏ

02/28/2020 11:40:45 AM

ਮੁੰਬਈ — ਕੋਰੋਨਾ ਵਾਇਰਸ ਅਤੇ ਕਮਜ਼ੋਰ ਗਲੋਬਲ ਆਰਥਿਕ ਅੰਕੜਿਆਂ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਭਾਰੀ ਪੈ ਰਿਹਾ ਹੈ। ਹਫਤੇ ਦੇ ਆਖਰੀ ਦਿਨ ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ ਕਰੀਬ 1000 ਅੰਕ ਹੇਠਾਂ ਫਿਸਲ ਗਿਆ। ਬਾਜ਼ਾਰ ਦੀ ਇਸ ਗਿਰਾਵਟ ਕਾਰਨ ਮਿੰਟਾਂ 'ਚ ਨਿਵੇਸ਼ਕਾਂ ਦੇ 4 ਲੱਖ ਕਰੋੜ ਰੁਪਏ ਡੁੱਬ ਗਏ।

17 ਹਫਤਿਆਂ ਦੇ ਹੇਠਲੇ ਪੱਧਰ 'ਤੇ ਪਹੁੰਚਿਆ ਸੈਂਸੈਕਸ

ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ ਵਿਚ ਬਾਜ਼ਾਰ ਦੀ ਗਿਰਾਵਟ ਨਾਲ ਸੈਂਸੈਕਸ 17 ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। 17 ਅਕਤਬੂਰ ਦੇ ਬਾਅਦ ਸੈਂਸੈਕਸ 'ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਸੈਂਸੈਕਸ 1044.17 ਪੁਆਇੰਟ ਯਾਨੀ 2.63 ਫੀਸਦੀ ਟੁੱਟ ਕੇ 38,701.49 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨਿਫਟੀ 312 ਅੰਕ ਯਾਨੀ ਕਿ 2.68 ਫੀਸਦੀ ਫਿਸਲ ਕੇ 11,321.30 ਦੇ ਪੱਧਰ 'ਤੇ ਖੁੱਲ੍ਹਿਆ। ਕੋਰੋਨਾ ਵਾਇਰਸ ਦੇ ਕਾਰਨ ਸੈਂਟੀਮੈਂਟ ਹੋਰ ਵਿਗੜ ਗਿਆ ਹੈ। ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਹਾਹਾਕਾਰ ਮੱਚਿਆ ਹੋਇਆ ਹੈ।

ਵੀਰਵਾਰ ਨੂੰ ਬੰਬਈ ਸਟਾਕ ਐਕਸਚੇਂਜ 'ਤੇ ਲਿਸਟਿਡ ਕੁੱਲ ਕੰਪਨੀਆਂ ਦਾ ਮਾਰਕਿਟ ਕੈਪ 1,52,40,024.08 ਕਰੋੜ ਰੁਪਏ ਸੀ, ਜਿਹੜਾ ਅੱਜ ਦੇ ਸ਼ੁਰੂਆਤੀ ਕਾਰੋਬਾਰ 'ਚ ਹੀ 4,67,513.34 ਕਰੋੜ ਰੁਪਏ ਤੋਂ ਘੱਟ ਕੇ 1,47,72,510.74 ਕਰੋੜ ਰੁਪਏ ਹੋ ਗਿਆ।

ਕਿਉਂ ਮੱਚ ਰਹੀ ਹੈ ਹਾਹਾਕਾਰ

ਕੋਰੋਨਾ ਦੇ ਕਹਿਰ ਨਾਲ ਬਾਜ਼ਾਰ ਬੀਤੇ ਕੁਝ ਦਿਨਾਂ ਤੋਂ ਸਹਿਮਿਆਂ ਹੋਇਆ ਹੈ। ਜਿਵੇਂ-ਜਿਵੇਂ ਕੋਰੋਨਾ ਦਾ ਵਾਇਰਸ ਦੁਨੀਆ ਵਿਚ ਫੈਲ ਰਿਹਾ ਹੈ ਤਿਵੇਂ-ਤਿਵੇਂ ਇਕੁਇਟੀ ਮਾਰਕਿਟ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਇਸ ਤੋਂ ਇਲਾਵਾ ਖਰਾਬ ਗਲੋਬਲ ਸੈਂਟੀਮੈਂਟ ਦੇ ਕਾਰਨ ਅਮਰੀਕਾ ਅਤੇ ਏਸ਼ੀਆ ਬਾਜ਼ਾਰਾਂ ਵਿਚ ਵੀ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਗਲੋਬਲ ਸੰਕੇਤਾਂ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਦੇ ਕਾਰਨ ਸੈਂਟੀਮੈਂਟ ਹੋਰ ਵਿਗੜਿਆ ਹੈ। ਵੀਰਵਾਰ ਨੂੰ ਡਾਓ ਜੋਂਸ 'ਚ 900 ਅੰਕਾਂ ਦੀ ਗਿਰਾਵਟ ਰਹੀ ਜਿਸ ਦਾ ਸਾਫ ਅਸਰ ਭਾਰਤੀ ਬਜ਼ਾਰ 'ਤੇ ਵੀ ਦੇਖਿਆ ਜਾ ਰਿਹਾ ਹੈ।


Related News